ਸੁਖਦੇਵ ਸਿੰਘ ਢੀਂਡਸਾ ਕੀ ਬਾਦਲ ਦੀ ਲੰਕਾ ਢਾਹ ਸਕੇਗਾ ?

ਉਜਾਗਰ ਸਿੰਘ

ਉਜਾਗਰ ਸਿੰਘ

ਪੰਜਾਬੀ ਦੀ ਇਕ ਕਹਾਵਤ ਹੈ ਕਿ ”ਘਰ ਦਾ ਭੇਤੀ ਲੰਕਾ ਢਾਏ”। ਸੁਖਦੇਵ ਸਿੰਘ ਢੀਂਡਸਾ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਪਰਿਵਾਰ ਦੇ ਘਰ ਦੇ ਅੰਦਰੂਨੀ ਘੇਰੇ ਦਾ ਮੈਂਬਰ ਰਿਹਾ ਹੈ। ਕਹਿਣ ਤੋਂ ਭਾਵ ਉਹ ਬਾਦਲ ਦੇ ਘਰ ਦਾ ਭੇਤੀ ਹੈ। ਇਹ ਕਹਾਵਤ ਜੇਕਰ ਸੱਚੀ ਹੋ ਗਈ ਤਾਂ ਉਹ ਬਾਦਲ ਅਕਾਲੀ ਦਲ ਨੂੰ ਦਰਕਿਨਾਰ ਕਰ ਸਕਦਾ ਹੈ ਕਿਉਂਕਿ ਘਰ ਦੇ ਭੇਤੀ ਨੂੰ ਘਰ ਦੀਆਂ ਸਾਰੀਆਂ ਚੋਰ ਮੋਰੀਆਂ ਦੀ ਜਾਣਕਾਰੀ ਹੁੰਦੀ ਹੈ।

ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਲਗਭਗ 100 ਸਾਲ ਹੋ ਗਏ ਹਨ। ਉਦੋਂ ਤੋਂ ਹੀ ਪਾਰਟੀ ਵਿੱਚ ਧੜੇਬੰਦੀ ਲਗਾਤਾਰ ਜ਼ਾਰੀ ਹੈ। ਪਾਰਟੀ ਵਿੱਚ ਉਤਰਾਅ ਚੜ੍ਹਾਅ ਵੀ ਬਥੇਰੇ ਆਉਂਦੇ ਰਹੇ। ਪਾਰਟੀ ਦੁਫਾੜ ਵੀ ਹੁੰਦੀ ਰਹੀ ਪ੍ਰੰਤੂ ਲੀਡਰਸ਼ਿਪ ਦੀ ਕਾਰਗੁਜ਼ਾਰੀ ਵਿੱਚ ਇਤਨਾ ਨਿਘਾਰ ਕਦੀਂ ਵੀ ਨਹੀਂ ਆਇਆ ਜਿਤਨਾ ਇਸ ਵਕਤ ਆਇਆ ਹੋਇਆ ਹੈ। ਹਾਲਾਂਕਿ ਇੱਕ ਵਾਰ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਹੀ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਰਾਜਪਾਲ ਨੂੰ ਲਿੱਖ ਕੇ ਦੇ ਦਿੱਤਾ ਸੀ।

ਅਕਾਲੀ ਪਾਰਟੀ ਦਾ ਆਧਾਰ ਮੁੱਖ ਤੌਰ ਤੇ ਧਾਰਮਿਕ ਹੈ ਕਿਉਂਕਿ ਇਹ ਪਾਰਟੀ ਜਦੋਂ ਹੋਂਦ ਵਿਚ ਆਈ ਸੀ ਉਦੋਂ ਇਸਦਾ ਮੁੱਖ ਕੰਮ ਗੁਰਦੁਆਰਾ ਸਾਹਿਬਾਨ ਦੀ ਵੇਖ ਰੇਖ ਕਰਨਾ ਸੀ। ਇਥੋਂ ਤੱਕ ਕਿ ਅਕਾਲੀ ਦਲ ਨੂੰ ਬਣਾਉਣ ਲਈ ਸਲਾਹ ਮਸ਼ਵਰਾ ਕਰਨ ਲਈ ਸਾਰੀਆਂ ਮੀਟਿੰਗਾਂ ਅਕਾਲ ਤਖ਼ਤ ਉੱਪਰ ਹੀ ਹੁੰਦੀਆਂ ਰਹੀਆਂ।

ਪਹਿਲੀ ਵਿਧਾਨ ਸਭਾ ਚੋਣ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਸੀ ਕਿਉਂਕਿ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ਤੇ ਰਜਿਸਟਰ ਹੀ ਨਹੀਂ ਸੀ। ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਦਾ ਮੈਂਬਰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਲੜਿਆ ਸੀ। ਉਦੋਂ ਕਾਂਗਰਸ ਨਾਲ ਅਕਾਲੀ ਦਲ ਦਾ ਸਮਝੌਤਾ ਸੀ। ਉਸ ਸਮਝੌਤੇ ਦੇ ਵਿਰੋਧ ਵਿੱਚ ਵੀ ਅਕਾਲੀ ਦਲ ਦੋਫਾੜ ਹੋਇਆ ਸੀ।

ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਲਾਭ ਲੈਣ ਲਈ ਅਕਾਲੀ ਦਲ ਨੂੰ ਮੋਗਾ ਵਿਖੇ 1998 ਵਿੱਚ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾਉਣ ਦਾ ਵਿਖਾਵਾ ਕੀਤਾ। ਚਲੋ ਇਹ ਵੀ ਕੋਈ ਮਾੜੀ ਗੱਲ ਨਹੀਂ ਜੇਕਰ ਪਾਰਟੀ ਆਪਣਾ ਅਕਸ ਧਰਮ ਨਿਰਪੱਖ ਬਣਾਉਣਾ ਚਾਹੁੰਦੀ ਹੈ ਪ੍ਰੰਤੂ ਇਸ ਸਮੇਂ ਅਕਾਲੀ ਦਲ ਆਪਣੇ ਮੁੱਖ ਅਸੂਲ ਤੋਂ ਹੀ ਪਿੱਛੇ ਖਿਸਕ ਗਿਆ ਹੈ।

ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣਾ ਨਵਾਂ ਅਕਾਲੀ ਦਲ ਡੈਮੋਕਰੈਟਿਕ ਬਣਾਉਣ ਨਾਲ ਅਕਾਲੀ ਦਲ ਦੇ ਸਿਆਸੀ ਹਲਕਿਆਂ ਵਿਚ ਇਹ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੀ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਬਾਦਲ ਦੀ ਲੰਕਾ ਢਾਹੁਣ ਵਿਚ ਸਫਲ ਹੋਵੇਗਾ?

ਬਾਦਲ ਪਰਿਵਾਰ
ਬਾਦਲ ਪਰਿਵਾਰ

ਸ਼੍ਰੋਮਣੀ ਅਕਾਲੀ ਦਲ ਜਿਸ ਉੱਪਰ ਇਸ ਸਮੇਂ ਬਾਦਲ ਪਰਿਵਾਰ ਦਾ ਕਬਜ਼ਾ ਹੈ, ਉਸ ਵਿਚੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਨੇਤਾ ਵਖਰੇ ਹੋ ਚੁੱਕੇ ਹਨ ਅਤੇ ਕੁੱਝ ਸੀਨੀਅਰ ਨੇਤਾਵਾਂ ਨੇ ਹੁਣੇ ਜਿਹੇ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਬਾਦਲ ਦਲ ਨੂੰ ਖੋਰਾ ਲੱਗ ਚੁੱਕਿਆ ਹੈ।

ਇਸ ਖੋਰੇ ਦੇ ਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੇ ਮਾਰੇ ਜਾਣਾ, ਬੇਅਦਬੀ ਦੀ ਅਕਾਲੀ ਰਾਜ ਵਿੱਚ ਸਹੀ ਪੜਤਾਲ ਨਾ ਹੋਣਾ, ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੁਆਉਣਾ, ਗੈਂਗਸਟਰਾਂ ਨੂੰ ਸ਼ਹਿ ਦੇਣਾ, ਪਰਿਵਾਰਵਾਦ ਦਾ ਪਾਰਟੀ ਤੇ ਭਾਰੂ ਪੈਣਾ ਅਤੇ ਸੀਨੀਅਰ ਨੇਤਾਵਾਂ ਨੂੰ ਅਣਡਿੱਠ ਕਰਨਾ ਆਦਿ ਹਨ। ਇਸ ਕਰਕੇ ਅਕਾਲੀ ਦਲ ਵਿਚ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਘੁਸਰ ਮੁਸਰ ਹੋ ਰਹੀ ਸੀ।

ਇਹ ਦੂਜੀ ਵਾਰ ਹੋਇਆ ਹੈ ਕਿ ਬਾਦਲ ਵਾਲੇ ਅਕਾਲੀ ਦਲ ਦਾ ਸਭ ਤੋਂ ਸੀਨੀਅਰ ਨੇਤਾ ਜਿਹੜਾ ਲੰਮਾ ਸਮਾਂ ਬਾਦਲ ਦਾ ਖਾਸਮ ਖਾਸ ਅਤੇ ਕਈ ਵਾਰ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦਾ ਮੈਂਬਰ, ਪੰਜਾਬ ਅਤੇ ਕੇਂਦਰ ਵਿੱਚ ਮੰਤਰੀ ਰਿਹਾ ਹੋਵੇ, ਬਾਦਲ ਪਰਿਵਾਰ ਤੋਂ ਵੱਖ ਹੋਇਆ ਹੋਵੇ।

ਇਸ ਤੋਂ ਪਹਿਲਾਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਦੇ ਮੌਕੇ ਬਾਦਲ ਨਾਲ ਅਣਬਣ ਹੋਣ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਫਿਰ ਟੌਹੜਾ ਸਾਹਿਬ ਨੇ ਵਖਰੇ ਹੋ ਕੇ ਆਪਣਾ ਸਰਬਹਿੰਦ ਅਕਾਲੀ ਦਲ ਬਣਾਇਆ ਸੀ। ਪ੍ਰੰਤੂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਕਾਸ਼ ਸਿੰਘ ਬਾਦਲ ਦੇ ਕਦੀਂ ਵੀ ਢੀਂਡਸਾ ਜਿਤਨਾ ਨਜ਼ਦੀਕ ਨਹੀਂ ਰਿਹਾ ਸੀ।

ਭਾਵੇਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਿਆਸੀ ਕੱਦ ਬੁੱਤ ਬਹੁਤ ਉੱਚਾ, ਇਮਾਨਦਾਰ ਅਤੇ ਧਾਰਮਿਕ ਵਿਅਕਤੀ ਵਾਲਾ ਵੀ ਸੀ ਤਾਂ ਵੀ ਪੰਜਾਬ ਦੇ ਲੋਕਾਂ ਨੇ ਉਸਦਾ ਸਾਥ ਨਹੀਂ ਦਿੱਤਾ ਸੀ। ਪ੍ਰੰਤੂ ਜੱਥੇਦਾਰ ਟੌਹੜਾ ਅਕਾਲੀ ਦਲ ਨੂੰ ਹਰਾਉਣ ਵਿਚ ਸਫ਼ਲ ਹੋ ਗਿਆ ਸੀ।

ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਡੈਮੋਕਰੈਟਿਕ ਤੋਂ ਪਹਿਲਾਂ ਹੀ ਅਨੇਕ ਅਕਾਲੀ ਦਲ ਬਣੇ ਹੋਏ ਹਨ, ਜਿਨ੍ਹਾਂ ਵਿਚ ਯੂਨਾਈਟਡ ਅਕਾਲੀ ਦਲ, ਰਵੀਇੰਦਰ ਸਿੰਘ ਦਾ ਅਕਾਲੀ ਦਲ 1920, ਸਿਮਰਨਜੀਤ ਸਿੰਘ ਦਾ ਅਕਾਲੀ ਦਲ ਅੰਮ੍ਰਿਤਸਰ, ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ, ਦਲਜੀਤ ਸਿੰਘ ਬਿੱਟੂ ਦਾ ਅਕਾਲੀ ਦਲ ਅਤੇ ਪੰਥਕ ਅਕਾਲੀ ਦਲ ਆਦਿ ਬਣੇ ਹੋਏ ਹਨ। ਪ੍ਰੰਤੂ ਪੰਜਾਬ ਦੀਆਂ ਹੁਣ ਤੱਕ ਦੀਆਂ ਚੋਣਾਂ ਦੀ ਪਰੰਪਰਾ ਹੈ ਕਿ ਇਨ੍ਹਾਂ ਸਾਰੇ ਅਕਾਲੀ ਦਲਾਂ ਵਿਚੋਂ ਪੰਜਾਬ ਦਾ ਵੋਟਰ ਸਿਰਫ ਇੱਕ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦਾ ਹੈ।

ਲਗਭਗ ਪਿੱਛਲੇ ਪੰਦਰਾਂ ਸਾਲਾਂ ਤੋਂ ਅਕਾਲੀ ਦਲ ਬਾਦਲ ਨੂੰ ਹੀ ਵੋਟਰ ਵੋਟਾਂ ਪਾਉਂਦੇ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਧੜਾ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਅਕਾਲੀ ਦਲ ਅਸਲੀ ਅਕਾਲੀ ਦਲ ਹੈ ਅਤੇ ਉਹ ਆਪਣੇ ਅਕਾਲੀ ਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਰਜਿਸਟਰ ਕਰਵਾਉਣਗੇ ਪ੍ਰੰਤੂ ਜੇਕਰ ਰਜਿਸਟਰੇਸ਼ਨ ਵਿੱਚ ਕੋਈ ਦਿੱਕਤ ਆਈ ਤਾਂ ਫਿਰ ਡੈਮੋਕਰੈਟਿਕ ਸ਼ਬਦ ਜੋੜਿਆ ਜਾਵੇਗਾ। ਜੇਕਰ ਢੀਂਡਸਾ ਦਾ ਅਕਾਲੀ ਦਲ ਇਸੇ ਨਾਮ ਤੇ ਰਜਿਸਟਰ ਹੋ ਗਿਆ ਤਾਂ ਬਾਦਲ ਦਲ ਲਈ ਖ਼ਤਰੇ ਦੀ ਘੰਟੀ ਵੱਜ ਜਾਵੇਗੀ।

ਸੁਖਦੇਵ ਸਿੰਘ ਢੀਂਡਸਾ
ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ ਦਾ ਅਕਸ ਵੀ ਸਾਫ਼ ਸੁਥਰਾ ਹੈ। ਉਹ ਨਿਮਰਤਾ, ਸੰਜੀਦਗੀ, ਧਰਮ ਨਿਰਪੱਖ ਅਕਸ ਵਾਲਾ, ਵਰਕਰਾਂ ਵਿੱਚ ਸਰਬ ਪ੍ਰਵਾਨ ਅਤੇ ਸਿਆਸੀ ਤੌਰ ਤੇ ਸਾਊ ਤੇ ਸੂਝਵਾਨ ਗਿਣਿਆ ਜਾਂਦਾ ਹੈ। ਉਸਨੇ ਕਦੀ ਵੀ ਟਕਰਾਓ ਦੀ ਸਿਆਸਤ ਨਹੀਂ ਕੀਤੀ। ਇਹ ਪਹਿਲੀ ਵਾਰ ਹੈ ਕਿ ਉਸਨੇ ਬਗ਼ਾਵਤ ਦਾ ਕਦਮ ਚੁੱਕਿਆ ਹੈ। ਸੰਜੀਦਗੀ ਨਾਲ ਸਿਆਸੀ ਨੁਕਤਾਚੀਨੀ ਕਰਦਾ ਹੈ।

ਜਦੋਂ ਸੁਖਦੇਵ ਸਿੰਘ ਢੀਂਡਸਾ ਪਾਰਟੀ ਤੋਂ ਵੱਖ ਹੋਇਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਆ ਕੇ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਸਨੇ ਬੜੀ ਗਲਤ ਬਿਆਨਬਾਜ਼ੀ ਕਰਦਿਆਂ ਕਿਹਾ ਸੀ ਕਿ ਅੱਜ ਢੀਂਡਸਾ ਦਾ ਭੋਗ ਪੈ ਗਿਆ ਹੈ। ਜਿਸਦਾ ਉਸਦੀ ਪਾਰਟੀ ਦੇ ਵਰਕਰਾਂ ਨੇ ਵੀ ਬੁਰਾ ਮਨਾਇਆ ਸੀ। ਸੁਖਦੇਵ ਸਿੰਘ ਢੀਂਡਸਾ ਨੇ ਉਦੋਂ ਵੀ ਸੁਖਬੀਰ ਬਾਦਲ ਨੂੰ ਕੋਈ ਅਸੱਭਿਅਕ ਸ਼ਬਦ ਨਹੀਂ ਬੋਲਿਆ ਸੀ।

ਅਕਾਲੀ ਦਲ ਵਿੱਚ ਪੁਰਾਣਾ ਅਤੇ ਸੀਨੀਅਰ ਹੋਣ ਕਰਕੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਰਗ ਰਗ ਦਾ ਭੇਤੀ ਹੈ। ਢੀਂਡਸਾ ਦਾ ਪਲੜਾ ਭਾਰੀ ਹੁੰਦਾ ਲਗਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਨੇਤਾ ਢੀਂਡਸਾ ਦਾ ਸਾਥ ਦੇਣ ਲਈ ਅੱਗੇ ਆਉਣਗੇ।

ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਵਿਚ ਵੱਡੇ ਪੱਧਰ ਤੇ ਬਗ਼ਾਵਤ ਕਰਵਾਉਣ ਵਿੱਚ ਸਫ਼ਲ ਹੋ ਗਿਆ ਫਿਰ ਤਾਂ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਅਕਾਲੀ ਦਲ ਨੂੰ ਮੁਕਤ ਕਰਵਾ ਸਕਦਾ ਹੈ, ਵਰਨਾ ਤਾਂ ਸੁਖਬੀਰ ਸਿੰਘ ਬਾਦਲ ਭਾਵੇਂ ਸਿਆਸੀ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਦਾ ਮੁਕਾਬਲਾ ਨਹੀਂ ਕਰ ਸਕਦਾ ਪ੍ਰੰਤੂ ਉਸਨੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਸਪੁੱਤਰਾਂ ਨੂੰ ਅਹੁਦੇ ਨਿਵਾਜ਼ਕੇ ਆਪਣੇ ਨਾਲ ਜੋੜਿਆ ਹੋਇਆ ਹੈ। ਇਸ ਕਰਕੇ ਅਕਾਲੀ ਦਲ ਦੀ ਨੌਜਵਾਨ ਲੀਡਰਸ਼ਿਪ ਦਾ ਸੁਖਬੀਰ ਬਾਦਲ ਦਾ ਸਾਥ ਦੇਣ ਦੀ ਸੰਭਾਵਨਾ ਹੈ।

ਅਕਾਲੀ ਦਲ ਦੇ ਜਿਸ ਧੜੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੋਵੇ ਉਹ ਹੀ ਅਕਾਲੀ ਦਲ ਤੇ ਕਾਬਜ ਹੁੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਵਿਚ ਹੈ।

ਸੁਖਦੇਵ ਸਿੰਘ ਢੀਂਡਸਾ ਲਈ ਆਉਣ ਵਾਲਾ ਡੇਢ ਸਾਲ ਚੁਣੌਤੀਆਂ ਭਰਪੂਰ ਹੋਵੇਗਾ ਕਿਉਂਕਿ ਇਤਨੇ ਥੋੜ੍ਹੇ ਸਮੇਂ ਵਿੱਚ ਸਿਆਸੀ ਪਾਰਟੀ ਖੜ੍ਹੀ ਕਰਕੇ ਸਥਾਪਤ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਤੀਜਾ ਫਰੰਟ ਬਣਾਕੇ ਸ਼ਾਮਲ ਕਰਨ ਵਿਚ ਸਫ਼ਲ ਹੋ ਜਾਵੇ ਫਿਰ ਤਾਂ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ।

ਸਿਆਸਤਦਾਨਾਂ ਦੇ ਧੜਿਆਂ ਦੇ ਡੱਡੂਆਂ ਦੀ ਪੰਸੇਰੀ ਨੂੰ ਇਕੱਠਾ ਕਰਨਾ ਵੀ ਅਸੰਭਵ ਹੀ ਜਾਪਦਾ ਹੈ ਕਿਉਂਕਿ ਹਰ ਪਾਰਟੀ ਤੇ ਧੜੇ ਦੇ ਨੇਤਾ ਟਿਕਟਾਂ ਦੀ ਐਡਜਸਟਮੈਂਟ ਨਹੀਂ ਕਰਨਗੇ। ਸਿਆਸਤਦਾਨ ਸਿਆਸਤ ਵਿੱਚ ਆਉਂਦੇ ਹੀ ਰਾਜ ਭਾਗ ਦਾ ਆਨੰਦ ਮਾਨਣ ਲਈ ਹਨ। ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਵੀ ਟੁੱਟਣ ਦੇ ਆਸਾਰ ਬਣ ਰਹੇ ਹਨ। ਬ੍ਰਹਮਪੁਰਾ ਦੀ ਪ੍ਰੈੱਸ ਕਾਨਫਰੰਸ ਤੋਂ ਉਸਦੀ ਘਬਰਾਹਟ ਦਾ ਪਤਾ ਲਗਦਾ ਹੈ। ਰਵੀਇੰਦਰ ਸਿੰਘ ਨੇ ਵੀ ਸੁਖਦੇਵ ਸਿੰਘ ਢੀਂਡਸਾ ਦੀ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ।

ਦਸੰਬਰ 2016 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਦੀ ਥਾਂ ਤੀਜੇ ਬਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਅਰਵਿੰਦ ਕੇਜਰੀਵਾਲ ਦੀ ਹਠਧਰਮੀ, ਸਥਾਪਤ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਸਿਆਸੀ ਹਥਕੰਡਿਆਂ ਕਰਕੇ ਲੋਕ ਸਫ਼ਲ ਨਹੀਂ ਹੋ ਸਕੇ।

ਸਿਆਸਤ ਵਿਚ ਸਫ਼ਲ ਉਹੀ ਹੁੰਦਾ ਹੈ, ਜਿਹੜਾ ਤਿਗੜਮਬਾਜ ਹੋਵੇ। ਸੁਖਦੇਵ ਸਿੰਘ ਢੀਂਡਸਾ ਭਾਵੇਂ ਹੰਢਿਆ ਵਰਤਿਆ ਤਜ਼ਰਬੇਕਾਰ ਸਿਆਸਤਦਾਨ ਹੈ ਪ੍ਰੰਤੂ ਉਹ ਤਿਗੜਮਬਾਜ ਨਹੀਂ ਹੈ ਜੋ ਅੱਜ ਦੇ ਸਿਆਸਤਦਾਨਾ ਦੇ ਡਿੱਗੇ ਮਿਆਰ ਕਰਕੇ ਬਹੁਤ ਜ਼ਰੂਰੀ ਹੈ। ਇੱਕ ਗੱਲ ਤਾਂ ਪੱਕੀ ਹੈ ਕਿ ਉਹ ਬਾਦਲ ਪਰਿਵਾਰ ਦੀਆਂ ਬੇੜੀਆਂ ਵਿੱਚ ਵੱਟੇ ਜ਼ਰੂਰ ਪਾ ਦੇਵੇਗਾ।

ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਸਿਧਾਂਤ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਹਰ ਗਲਤ ਫੈਸਲੇ ਦੀ ਤਾਈਦ ਕਰਦਾ ਹੈ। ਖਾਸ ਤੌਰ ਤੇ ਧਾਰਾ 370, ਨਾਗਰਿਕ ਸੋਧ ਐਕਟ ਅਤੇ ਤਾਜ਼ਾ ਖੇਤੀਬਾੜੀ ਨਾਲ ਸੰਬੰਧਤ ਤਿੰਨ ਆਰਡੀਨੈਂਸਾਂ ਦੀ ਸਪੋਰਟ ਕਰਕੇ ਪੰਜਾਬ ਦੇ ਕਿਸਾਨਾਂ ਦੇ ਮਨਾਂ ਤੋਂ ਲਹਿ ਗਿਆ ਹੈ। ਜਿਸ ਵਜ੍ਹਾ ਕਰਕੇ ਢੀਂਡਸਾ ਦੇ ਅਕਾਲੀ ਦਲ ਦੀ ਲੋਕਾਂ ਵੱਲੋਂ ਸਪੋਰਟ ਹੋਣ ਦੀ ਆਸ ਬੱਝ ਗਈ ਹੈ।

ਇਨ੍ਹਾਂ ਤਿੰਨਾ ਅਰਡੀਨੈਂਸਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੁੱਧ ਬੁਲਾਈ ਸਰਬ ਪਾਰਟੀ ਮੀਟਿੰਗ ਵਿੱਚ ਢੀਂਡਸਾ ਕੇਂਦਰ ਦੇ ਫੈਸਲੇ ਦੇ ਵਿਰੁੱਧ ਖੜ੍ਹਾ ਹੋਇਆ ਹੈ। ਜਦੋਂ ਕਿ ਸੁਖਬੀਰ ਬਾਦਲ ਆਰਡੀਨੈਂਸਾਂ ਦੇ ਹੱਕ ਵਿਚ ਰਿਹਾ।

ਇਸ ਦੇ ਨਾਲ ਹੀ ਲੋਕ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਜੇਕਰ ਢੀਂਡਸਾ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਲਵੇਗਾ ਤਾਂ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਵੀ ਮੂੰਹ ਨਹੀਂ ਲਗਾਉਣਗੇ। ਪ੍ਰੰਤੂ ਇੱਕ ਗੱਲ ਤਾਂ ਪੱਕੀ ਹੈ ਕਿ ਢੀਂਡਸਾ ਦਾ ਅਕਾਲੀ ਦਲ ਬਾਦਲ ਦਾ ਨੁਕਸਾਨ ਕਰਨ ਵਿੱਚ ਸਫ਼ਲ ਹੋਵੇਗਾ। ਵੈਸੇ ਅਕਾਲੀ ਦਲ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਕਹਾਉਂਦੀ ਹੈ ਪ੍ਰੰਤੂ ਕਿਸਾਨਾਂ ਨੇ ਉਨ੍ਹਾਂ ਤੋਂ ਕਿਨਾਰਾ ਕਰ ਲੈਣਾ ਹੈ ਕਿਉਂਕਿ ਇਹ ਤਿੰਨ ਆਰਡੀਨੈਂਸ ਕਿਸਾਨਾਂ ਨੂੰ ਤਬਾਹ ਕਰ ਦੇਣਗੇ।

ਅਕਾਲੀ ਦਲ ਦਾ ਇਹ ਫੈਸਲਾ ਢੀਂਡਸਾ ਦੇ ਪੱਖ ਵਿਚ ਲੋਕ ਰਾਏ ਪੈਦਾ ਕਰੇਗਾ। ਤੇਲ ਵੋਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਕਾਲੀ ਦਲ ਦੀ ਸਿਆਸਤ ਕਿਸ ਪਾਸੇ ਕਰਵਟ ਲੈਂਦੀ ਹੈ।

ਉਜਾਗਰ ਸਿੰਘ

ਉਜਾਗਰ ਸਿੰਘ

ਲੇਖਕ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ. ujagarsingh48@yahoo.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024