ਕੀ ਰਾਜਸਥਾਨ ਸਰਕਾਰ ਵਿਚ ਬਗ਼ਾਵਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ ਸਕਦਾ

ਉਜਾਗਰ ਸਿੰਘ

ਉਜਾਗਰ ਸਿੰਘ

ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਹੋਈ ਬਗ਼ਾਵਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ ਸਕਦਾ ਹੈ? ਇਸ ਬਾਰੇ ਅੱਜ ਕਲ ਖੁੰਡ ਚਰਚਾਵਾਂ ਅਤੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੈ। ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਵਿਚ ਬੱਧੀਜੀਵੀਆਂ ਦੀਆਂ ਚੁੰਝ ਚਰਚਾਵਾਂ, ਦਫ਼ਤਰਾਂ ਵਿਚ ਬਾਬੂਆਂ ਦੀਆਂ ਵਾਰਤਾਵਾਂ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਇਲੈਕਟਰਾਨਿਕ ਮੀਡੀਆ ਵਿਚ ਪੈਨਲ ਵਿਚਾਰ ਚਰਚਾਵਾਂ ਵਿਚ ਹਰ ਥਾਂ ਤੇ ਇਹੋ ਵਿਚਾਰ ਵਟਾਂਦਰੇ ਹੋ ਰਹੇ ਹਨ ਕਿ ਕੀ ਗੁਆਂਢੀ ਰਾਜ ਰਾਜਸਥਾਨ ਦੀ ਸਿਆਸੀ ਉਥਲ ਪੁਥਲ ਦਾ ਪੰਜਾਬ ਦੀ ਕਾਂਗਰਸ ਸਰਕਾਰ ਤੇ ਅਸਰ ਪੈ ਸਕਦਾ ਹੈ?

ਸਭ ਤੋਂ ਜ਼ਿਆਦਾ ਇਨ੍ਹਾਂ ਕਿਆਸ ਅਰਾਈਆਂ ਨੂੰ ਤੂਲ ਇਲੈਕਟਰਾਨਿਕ ਮੀਡੀਆ ਅਤੇ ਸ਼ੋਸ਼ਲ ਮੀਡੀਆ ਜਿਸ ਵਿਚ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਸ਼ਾਮਲ ਹਨ, ਉਨ੍ਹਾਂ ਰਾਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਥਾਵਾਂ ਤੇ ਜਿਹੜੀਆਂ ਖ਼ਬਰਾਂ ਦਿੱਤੀਆਂ ਜਾਂ ਟੈਲੀਕਾਸਟ ਬਰਾਡਕਾਸਟ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਰਾਜਨੀਤਕ ਧਮਾਕਾ ਹੋਣ ਦੀ ਸੰਭਾਵਨਾ  ਹੈ। ਇਨ੍ਹਾਂ ਖ਼ਬਰਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਲੈਕਟਰਾਨਿਕ ਮੀਡੀਆ ਨੇ ਤਾਂ ਪਾਣੀ ਵਿਚ ਮਧਾਣੀ ਪਾਈ ਹੋਈ ਹੈ, ਜਿਸਦੇ ਰਿੜਕਣ ਨਾਲ ਕੁਝ ਵੀ ਨਹੀਂ ਨਿਕਲਣਾ ਨਹੀਂ, ਭਾਵ ਕੋਈ ਵੀ ਤਬਦੀਲੀ ਹੋਣ ਦੀ ਸੰਭਾਵਨਾ ਹੈ ਹੀ ਨਹੀਂ।

ਪੰਜਾਬਗੱਲ ਨਵਜੋਤ ਸਿੰਘ ਸਿੱਧੂ ਤੋਂ ਤੁਰਦੀ ਹੈ ਤੇ ਉਥੇ ਆ ਕੇ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਨੂੰ ਪੜ੍ਹਨ ਤੇ ਸੁਣਨ ਵਾਲੇ ਬਿਨਾਂ ਵਜਾਹ ਹੀ ਭੰਬਲਭੂਸੇ ਵਿਚ ਪਏ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆਂ ਲਗਪਗ ਸਾਢੇ ਤਿੰਨ ਸਾਲ ਹੋ ਗਏ ਹਨ।

ਜਦੋਂ ਦੀ ਇਹ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਵਿਚ ਮੰਤਰੀਆਂ ਦੀ ਰੱਦੋ ਬਦਲ, ਉਨ੍ਹਾਂ ਦੀ ਆਪਸੀ ਖਹਿਬਾਜ਼ੀ ਅਤੇ ਵਿਧਾਨਕਾਰਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ‘ਤੇ ਅਸੰਤੁਸ਼ਟੀ ਦੀਆਂ ਖ਼ਬਰਾਂ ਮੀਡੀਆ ਵਿਚ ਚਟਕਾਰਿਆਂ ਨਾਲ ਆਉਂਦੀਆਂ ਰਹੀਆਂ ਹਨ। ਭਾਵੇਂ ਅਜੇ ਤੱਕ ਕੋਈ ਸਾਰਥਿਕ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਆਉਣ ਦੀ ਸੰਭਾਵਨਾ ਹੈ।

ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ, ਉਦੋਂ ਤੋਂ ਹੀ ਮੀਡੀਆ ਬੜੀ ਸਰਗਰਮੀ ਨਾਲ ਇਹ ਕਹਿ ਰਿਹਾ ਸੀ ਕਿ ਉਹ ਪੰਜਾਬ ਸਰਕਾਰ ਵਿਚ ਉਪ ਮੁੱਖ ਮੰਤਰੀ ਬਣੇਗਾ ਪ੍ੰਤੂ ਕਦੀਂ ਵੀ ਕਿਸੇ ਪੱਤਰਕਾਰ ਨੇ ਸੰਜੀਦਗੀ ਨਾਲ ਨਹੀਂ ਸੋਚਿਆ ਸੀ ਕਿ ਜੇਕਰ ਪੰਜਾਬ ਵਿਚ ਇਕ ਸਿੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇਗਾ ਤਾਂ ਦੂਜੇ ਨੰਬਰ ਤੇ ਹਮੇਸ਼ਾ ਹਿੰਦੂ ਮੰਤਰੀ ਹੀ ਹੁੰਦਾ ਹੈ। ਕਿਉਂਕਿ ਪੰਜਾਬ ਵਿਚ ਹਿੰਦੂ ਵਰਗ ਨੂੰ ਕਿਸੇ ਕੀਮਤ ਤੇ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਸਦੀ ਬਦੌਲਤ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਉਪ ਮੁੱਖ ਮੰਤਰੀ ਬਣ ਸਕਦਾ ਹੈ। ਇਸ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਵੀ ਤੀਜੇ ਨੰਬਰ ਤੇ ਬਣਾਇਆ ਗਿਆ ਸੀ ਪ੍ਰੰਤੂ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲੇ ਦੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪਾਰਟੀ ਵਿਚ ਸੀਨੀਅਰ ਅਤੇ ਆਪਣੇ ਰੋਹਬ ਦਾਬ ਵਾਲਾ ਸਿਆਸੀ ਨੇਤਾ ਹੈ। ਸ਼ਾਹੀ ਪਰਿਵਾਰ ਨਾਲ ਸੰਬੰਧਤ ਹੈ, ਜਿਸਦੇ ਪੁਰਖੇ ਵੀ ਗਾਂਧੀ ਪਰਿਵਾਰ ਦੇ ਨਜ਼ਦੀਕ ਰਹੇ ਹਨ। ਉਸਦੀ ਕਾਰਜ਼ਸ਼ੈਲੀ ਵੀ ਵੱਖਰੀ ਕਿਸਮ ਦੀ ਹੈ। ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰ ਚਲਾ ਰਿਹਾ ਹੈ।

ਨਵਜੋਤ ਸਿੰਘ ਸਿੱਧੂ ਵਿਚ ਗੁਣ ਆਮ ਸਿਆਸਤਦਾਨਾ ਨਾਲੋਂ ਵਧੇਰੇ ਕਹੇ ਜਾ ਸਕਦੇ ਹਨ। ਉਹ ਬੁਲਾਰਾ ਕਮਾਲ ਦਾ ਹੈ। ਇਮਾਨਦਾਰ ਹੈ ਪ੍ਰੰਤੂ ਮੁੱਖ ਮੰਤਰੀ ਬਣਨ ਲਈ ਬਹੁਤਾ ਕਾਹਲਾ ਹੈ। ਸਿਆਸਤ ਵਿਚ ਸਹਿਜ ਪੱਕੇ ਸੋ ਮੀਠਾ ਹੋਏ ਦੀ ਨੀਤੀ ਸਫਲ ਰਹਿੰਦੀ ਹੈ। ਲੋਕਾਂ ਦੀ ਨਿਗਾਹ ਵਿਚ ਉਹ ਮੁੱਖ ਮੰਤਰੀ ਦੇ ਯੋਗ ਵੀ ਗਿਣਿਆਂ ਜਾਂਦਾ ਹੈ ਪ੍ਰੰਤੂ ਕਾਂਗਰਸ ਪਾਰਟੀ ਵਿਚ ਉਹ ਬਿਲਕੁਲ ਨਵਾਂ ਅਤੇ ਅਨਾੜੀ ਹੈ। ਕਾਂਗਰਸ ਹਾਈ ਕਮਾਂਡ ਵਿਚ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਜ਼ਦੀਕ ਹੈ।

ਇਹ ਸਾਰੇ ਗੁਣਾਂ ਦੇ ਬਾਵਜ਼ੂਦ ਵੀ ਉਹ ਹਮੇਸ਼ਾ ਵਾਦਵਿਵਾਦ ਵਿਚ ਰਹਿੰਦਾ ਹੈ। ਬੋਲਣ ਲੱਗਿਆਂ ਸੰਜੀਦਗੀ ਤੋਂ ਕੰਮ ਨਹੀਂ ਲੈਂਦਾ। ਆਮ ਕਰਕੇ ਸਾਰੇ ਵਾਦ ਵਿਵਾਦ ਉਸਦੇ ਬਿਆਨਾ ਨਾਲ ਹੀ ਪੈਦਾ ਹੁੰਦੇ ਰਹੇ ਹਨ। ਸਿਆਸਤ ਦਾ ਖਿਲਾੜੀ ਨਹੀਂ ਅਤੇ ਸਿਆਸਤ ਦੀਆਂ ਤਿਗੜਮਬਾਜ਼ੀਆਂ ਵਿਚ ਵੀ ਅਨਾੜੀ ਹੈ। ਸਿਆਸਤਦਾਨ ਲਚਕਦਾਰ ਵੀ ਹੋਣਾ ਚਾਹੀਦਾ ਹੈ । ਕਾਠ ਦੀ ਹੱਡੀ ਬਣਕੇ ਸਿਆਸਤ ਵਿਚ ਵਿਚਰਨਾ ਅਸੰਭਵ ਹੁੰਦਾ ਹੈ।

ਸਿਆਸਤ ਵਿਚ ਬਗ਼ਾਵਤ ਭਾਵੇਂ ਆਮ ਜਹੀ ਗੱਲ ਹੈ। ਵਿਚਾਰਾਂ ਵਿਚ ਵਖਰੇਵਾਂ ਹੋਣਾ ਪਰਜਾਤੰਤਰ ਦੇ ਸ਼ੁਭ ਸੰਕੇਤ ਹੁੰਦੇ ਹਨ। ਬਗ਼ਾਵਤਾਂ ਸਾਰੀਆਂ ਪਾਰਟੀਆਂ ਵਿਚ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਇਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸਮੁੰਦਰ ਵਿਚ ਰਹਿੰਦਿਆਂ ਮਗਰ ਮੱਛ ਨਾਲ ਵੈਰ ਰੱਖਣਾ ਮਹਿੰਗਾ ਪੈ ਜਾਂਦਾ ਹੈ। ਇਹੋ ਗੱਲ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ। ਮੰਤਰੀ ਮੰਡਲ ਵਿਚ ਹੁੰਦਿਆਂ ਕਿਸੇ ਵੀ ਮੰਤਰੀ ਨੂੰ ਮੁੱਖ ਮੰਤਰੀ ਨਾਲ ਚੰਗੇ ਸੰਬੰਧ ਰੱਖਣੇ ਜ਼ਰੂਰੀ ਹੁੰਦੇ ਹਨ। ਹਾਈ ਕਮਾਂਡ ਤਾਂ ਦੂਰ ਹੁੰਦੀ ਹੈ, ਹਰ ਰੋਜ ਤਾਂ ਮੁੱਖ ਮੰਤਰੀ ਨਾਲ ਹੀ ਵਿਚਰਨਾ ਹੁੰਦਾ ਹੈ। ਕਹਿਣ ਤੋਂ ਭਾਵ ਰੱਬ ਨੇੜੇ ਕਿ ਘਸੁੰਨ।

ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਿਨਾ ਨਹੀਂ ਚਲ ਸਕਦੀ। ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਗਪਗ ਇਕ ਸਾਲ ਤੋਂ ਸਿਆਸਤ ਵਿਚ ਸਰਗਰਮ ਨਹੀਂ ਹੈ। ਸਿਆਸਤ ਵਿਚ ਤਾਂ ਹਰ ਵਕਤ ਲੋਕਾਂ ਨਾਲ ਜੁੜੇ ਰਹਿਣ ਵਿਚ ਹੀ ਭਲਾ ਹੁੰਦਾ ਹੈ। ਜਿਹੜਾ ਨੇਤਾ ਲੋਕਾਂ ਨਾਲ ਬਾਵਾਸਤਾ ਰਹਿੰਦਾ ਹੈ, ਉਹ ਹੀ ਹਮੇਸ਼ਾ ਸਫਲ ਹੁੰਦਾ ਹੈ। ਲੋਕਾਂ ਤੋਂ ਦੂਰ ਰਹਿਕੇ ਸਿਆਸਤ ਨਹੀਂ ਹੁੰਦੀ। ਲੋਕਾਂ ਦੇ ਵਿਚ ਵੜਕੇ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਾਬਲੀਅਤ ਕਰਕੇ ਇਕ ਦਿਨ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਿਲੀ ਇਛਾ ਵੀ ਹੈ ਪ੍ਰੰਤੂ ਅਜੇ ਉਸ ਲਈ ਦਿੱਲੀ ਦੂਰ ਹੈ।

ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਗਪਗ ਡੇਢ ਸਾਲ ਵਿਚ ਹੋਣ ਵਾਲੀਆਂ ਹਨ। ਇਸ ਲਈ ਕਿਸੇ ਕਿਸਮ ਦੇ ਬਦਲਾਅ ਦੀ ਸੰਭਾਵਨਾ ਨਹੀਂ। ਇਸਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਕੋਲ ਠੋਸ ਬਹੁਮਤ ਹੈ, ਜਦੋਂ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਹੁਮਤ ਬਹੁਤਾ ਵੱਡਾ ਨਹੀਂ ਸੀ। ਉਥੇ ਅਸਥਿਰਤਾ ਦਾ ਮਾਹੌਲ ਸੀ। ਪੰਜਾਬ ਵਿਚ ਅਜਿਹਾ ਨਹੀਂ ਕਿਉਂਕਿ ਵਿਧਾਨਕਾਰ ਤਾਂ ਹੁਣ ਅਗਲੀਆਂ ਚੋਣਾਂ ਲਈ ਆਪੋ ਆਪਣੀਆਂ ਟਿਕਟਾਂ ਲੈਣ ਦੀ ਕੋਸਿਸ਼ ਵਿਚ ਰੁਝ ਜਾਣਗੇ। ਉਹ ਅਜਿਹੇ ਹਾਲਾਤ ਪੈਦਾ ਕਰਨ ਦੇ ਸਮਰੱਥ ਹੀ ਨਹੀਂ। ਉਨ੍ਹਾਂ ਨੇ ਤਾਂ ਆਪੋ ਆਪਣੇ ਹਲਕਿਆਂ ਲਈ ਸਰਕਾਰ ਤੋਂ ਗ੍ਰਾਂਟਾਂ ਲੈਣੀਆਂ ਹਨ। ਜੇਕਰ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਸੰਬੰਧ ਸੁਹਾਵਣੇ ਹੋਣਗੇ ਤਾਂ ਹੀ ਗ੍ਰਾਂਟਾਂ ਦੇ ਗੱਫੇ ਮਿਲਣਗੇ।

ਸਿਆਸੀ ਕਿਆਸ ਅਰਾਈਆਂ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਲਈ ਚਲਾਈਆਂ ਜਾਂਦੀਆਂ ਹਨ। ਇਹ ਕਿਆਸ ਅਰਾਈਆਂ ਪਾਰਟੀ ਦਾ ਨੁਕਸਾਨ ਕਰਨ ਵਿਚ ਯੋਗਦਾਨ ਪਾਉਂਦੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਕੋਲ ਵਿਧਾਨਕਾਰਾਂ ਦੀ ਗਿਣਤੀ ਵੀ ਘੱਟ ਹੈ। ਉਨ੍ਹਾਂ ਦਾ ਅਕਸ ਵੀ ਲੋਕਾਂ ਵਿਚ ਬਹੁਤਾ ਪ੍ਭਾਵਸ਼ਾਲੀ ਨਹੀਂ।

ਅਕਾਲੀ ਦਲ ਤਾਂ ਦਲਦਲ ਵਿਚ ਫਸਿਆ ਹੋਇਆ ਹੈ। ਉਸਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਹੀ ਪਿਛਾਂਹ ਧੱਕ ਦਿੱਤਾ ਹੈ ਅਤੇ ਉਹ ਗਲਤੀ ਤੇ ਗਲਤੀ ਕਰੀ ਜਾਂਦਾ ਹੈ। ਹੁਣ ਸੀ ਬੀ ਆਈ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਉਸਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰੇਗੀ। ਭਾਰਤੀ ਜਨਤਾ ਪਾਰਟੀ ਨੂੰ ਤਿੰਨ ਖੇਤੀ ਆਰਡੀਨੈਂਸਾਂ ਨੇ ਘੁੰਮਣਘੇਰੀ ਵਿਚ ਪਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿਧਾਨਕਾਰਾਂ ਤੇ ਪਕੜ ਵੀ ਮਜ਼ਬੂਤ ਹੈ। ਕੇਂਦਰੀ ਕਾਂਗਰਸ ਇਤਨੀ ਕਮਜ਼ੋਰ ਹੈ ਕਿ ਉਹ ਅਜਿਹਾ ਫੈਸਲਾ ਲੈਣ ਦੇ ਸਮਰੱਥ ਹੀ ਨਹੀਂ। ਕਰੋਨਾ ਨਾਲ ਨਿਪਟਣ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੋ ਰਹੀ ਪ੍ਰਸ਼ੰਸਾ ਨੇ ਸਰਕਾਰ ਦੀਆਂ ਅਸਫਲਤਾਵਾਂ ਉਪਰ ਪਰਦਾ ਪਾ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਨੂੰ ਪੁਰਾਣੇ ਕਾਂਗਰਸੀ ਜਿਹੜੇ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਦਾਅਵੇਦਾਰ ਸਮਝਦੇ ਸਨ, ਉਹ ਹਰ ਹਾਲਤ ਵਿਚ ਉਸਦੇ ਮੁੱਖ ਮੰਤਰੀ ਬਣਨ ਦੇ ਰਾਹ ਵਿਚ ਰੋੜਾ ਅਟਕਾਉਣ ਦੀ ਕੋਸਿਸ਼ ਕਰਨਗੇ। ਕਲ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਕਹਾਵਤ ਵੀ ਸਿੱਧੂ ਤੇ ਢੁਕਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਪਾਰੀ ਵੀ ਖੇਡੇਗਾ।

ਪੰਜਾਬਪ੍ਰਤਾਪ ਸਿੰਘ ਬਾਜਵਾ ਜਿਸਦੀ ਦਿੱਲੀ ਦਰਬਾਰ ਵਿਚ ਸੁਣੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਵੱਡਾ ਦਾਅਵੇਦਾਰ ਸਮਝਦਾ ਹੈ, ਉਹ ਵੀ ਆਪਣੇ ਪੱਤੇ ਚਲਾਏਗਾ। ਇਸੇ ਤਰ੍ਹਾਂ ਹਿੰਦੂ ਨੇਤਾਵਾਂ ਵਿਚੋਂ ਬ੍ਰਹਮ ਮਹਿੰਦਰਾ ਜਿਹੜਾ ਵਰਤਮਾਨ ਮੰਤਰੀ ਮੰਡਲ ਵਿਚ ਦੂਜੇ ਨੰਬਰ ਤੇ ਹੈ ਅਤੇ ਸੁਨੀਲ ਕੁਮਾਰ ਜਾਖੜ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ ਅਤੇ ਸਰਵ ਪਰਵਾਨ ਜੱਟ/ਹਿੰਦੂ ਸਿਆਸੀ ਨੇਤਾ ਹੈ, ਉਸਦਾ ਅਕਸ ਵੀ ਸਾਫ ਸੁਥਰਾ ਅਤੇ ਬ੍ਰਹਮ ਮਹਿੰਦਰਾ ਤੇ ਜਾਖੜ ਦੋਹਾਂ ਦੀ ਦਿੱਲੀ ਦਰਬਾਰ ਵਿਚ ਚੰਗੀ ਪਹੁੰਚ ਹੈ।

ਰਾਜਿੰਦਰ ਕੌਰ ਭੱਠਲ ਜਿਹੜੀ ਸਭ ਤੋਂ ਜ਼ਿਆਦਾ ਸੀਨੀਅਰ ਨੇਤਾ ਹੈ ਅਤੇ ਮੁੱਖ ਮੰਤਰੀ ਰਹਿ ਚੁੱਕੀ ਹੈ ਪ੍ਰੰਤੂ ਅਜੇ ਚੁੱਪ ਬੈਠੀ ਤੇਲ ਅਤੇ ਤੇਲ ਦੀ ਧਾਰ ਵੇਖ ਰਹੀ ਹੈ, ਉਹ ਵੀ ਕੋਸਿਸ਼ ਕਰੇਗੀ। ਸਿਆਸਤਦਾਨ ਦਾ ਚੁੱਪ ਬੈਠਣਾ ਵੀ ਖ਼ਤਰੇ ਦੀ ਘੰਟੀ ਹੁੰਦਾ ਹੈ।

ਅਨੁਸੂਚਿਤ ਜਾਤੀਆਂ ਵਿਚੋਂ ਸ਼ਮਸ਼ੇਰ ਸਿੰਘ ਦੂਲੋ ਵੀ ਤਾਕ ਵਿਚ ਬੈਠਾ ਹੈ ਜੋ ਕਿਸੇ ਸਮੇਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਨਜ਼ਦੀਕੀ ਰਿਹਾ ਹੈ ਪ੍ਰੰਤੂ ਉਸਦੀ ਬੇੜੀ ਵਿਚ ਉਸਦੇ ਪਰਿਵਾਰ ਨੇ ਹੀ ਵੱਟੇ ਪਾ ਦਿੱਤੇ ਹਨ ਕਿਉਂਕਿ ਉਸਦੀ ਪਤਨੀ ਹਰਬੰਸ ਕੌਰ ਦੂਲੋ ਅਤੇ ਲੜਕਾ ਬੰਨੀ ਦੂਲੋ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਬੈਠੇ ਹਨ।

ਪੰਜਾਬਪਛੜੀਆਂ ਸ਼ਰੇਣੀਆਂ ਵਿਚੋਂ ਸਭ ਤੋਂ ਸੀਨੀਅਰ ਅਤੇ ਮਜ਼ਬੂਤ ਦਾਅਵੇਦਾਰ ਉਮੀਦਵਾਰ ਲਾਲ ਸਿੰਘ ਹੈ, ਜਿਸਦੀ ਕਾਂਗਰਸ ਹਾਈ ਕਮਾਂਡ ਵਿਚ ਰਸਾਈ ਹੈ। ਉਹ ਪੰਜਾਬ ਦੇ ਹਰ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਇਕ ਹੈ, ਉਹ ਵੀ ਅਜੇ ਖਾਲੀ ਨਹੀਂ ਪ੍ਰੰਤੂ ਦਾਅਵੇਦਾਰਾਂ ਦੀ ਸੂਚੀ ਲੰਬੀ ਹੈ।

ਇਸ ਤੋਂ ਇਲਾਵਾ ਨੌਜਵਾਨ ਜਿਹੜੇ ਰਾਹੁਲ ਗਾਂਧੀ ਦੀ ਮੁਛ ਦਾ ਵਾਲ ਕਹਾਉਂਦੇ ਹਨ, ਉਹ ਵੀ ਆਪਣੀਆਂ ਚਾਲਾਂ ਚਲਣਗੇ। ਪੰਜਾਬ ਦੇ ਸਿਆਸਤਦਾਨ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਬੈਠੇ ਹਨ।

ਬਹੁਤੀ ਚਰਚਾ ਨਵਜੋਤ ਸਿੰਘ ਸਿੱਧੂ ਬਾਰੇ ਹੀ ਹੋ ਰਹੀ ਹੈ ਪ੍ਰੰਤੂ ਉਸਨੇ ਮੰਤਰੀ ਹੁੰਦਿਆਂ ਵੀ ਵਿਧਾਨਕਾਰਾਂ ਨਾਲ ਸੁਖਾਵੇਂ ਸੰਬੰਧ ਨਹੀਂ ਰੱਖੇ। ਸਾਫ ਕਿਰਦਾਰ ਵਾਲੇ ਵਿਧਾਨਕਾਰ ਪਰਗਟ ਸਿੰਘ ਤੋਂ ਬਿਨਾ ਹੋਰ ਕੋਈ ਵਿਧਾਨਕਾਰ ਕਦੀਂ ਵੀ ਉਸਦੀ ਮਦਦ ਤੇ ਅੱਗੇ ਨਹੀਂ ਆਇਆ। ਭਾਵੇਂ ਸਿਆਸਤ ਵਿਚ ਅਸੰਭਵ ਵੀ ਸੰਭਵ ਹੋ ਸਕਦਾ ਹੈ ਪ੍ਰੰਤੂ ਪੰਜਾਬ ਦੀ ਸਰਕਾਰ ਵਿਚ ਤਬਦੀਲੀ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ।

ਉਜਾਗਰ ਸਿੰਘ

ਉਜਾਗਰ ਸਿੰਘ

ਲੇਖਕ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ. ujagarsingh48@yahoo.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024