ਗੁਰਮਤੇ ਤੋਂ ਦੁਰਮਤੇ ਤੱਕ

ਅਵਤਾਰ ਸਿੰਘ

ਅਵਤਾਰ ਸਿੰਘ

ਪਾਠਕ ਜੀ, ਇਹ ਵੀਡੀਓ ਗੁਰਮਤੇ ਤੋਂ ਦੁਰਮਤੇ ਤੱਕ ਵੇਖੋ ਅਤੇ ਸੁਣੋ ਕਿ ਗੁਰਦਵਾਰੇ ਦੇ ਸਪੀਕਰ ਤੋਂ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਨੂੰ ਕੀ ਕਿਹਾ ਜਾ ਰਿਹਾ ਹੈ, ਸੰਗਤ ਨੂੰ ਕੀ ਆਦੇਸ਼ ਅਤੇ ਧਮਕੀ ਦਿੱਤੀ ਜਾ ਰਹੀ ਹੈ ਅਤੇ ਅਸੀਂ ਕਿਰਤ ਕਰਨ ਵਾਲੇ ਦੇ ਨਾਲ ਕਿਵੇਂ ਖੜ੍ਹੇ ਹੋਣਾ ਹੈ।

ਪ੍ਰੋ ਅਵਤਾਰ ਸਿੰਘ ਜੀ ਆਪਣੀ ਇਸ ਲਿਖਤ ਵਿੱਚ ਪੁੱਛ ਰਹੇ ਹਨ ਕਿ “ਇਨ੍ਹਾਂ ਲੋਕਾਂ ਦਾ ਕੀ ਕਰੀਏ ਜੋ… ਗੁਰਦੁਆਰੇ ਦੇ ਅੰਦਰ ਬੈਠ ਕੇ ਗਰੀਬ ਕਿਰਤੀ ਮਜ਼ਦੂਰਾਂ ਦੇ ਖਿਲਾਫ ਦੁਰਮਤੇ ਪਾਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਉਜਾੜ ਦੇਣ ਤੱਕ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੇ ਬਾਈਕਾਟ ਦੇ ਇਸ਼ਾਰੇ ਕਰਦੇ ਹਨ ਤੇ ਆਪਣੇ ਮੁੰਡਿਆਂ ਨੂੰ ਉਕਸਾ ਰਹੇ ਹਨ ਕਿ ਆਪਣੇ ਖੇਤਾਂ ‘ਚ ਆਉਣ ‘ਤੇ ਉਨ੍ਹਾਂ ਦੀ ਬੇਇਜ਼ਤੀ ਕਰਕੇ ਬੁਰਾ ਹਸ਼ਰ ਕਰ ਦੇਣ।”

ਸਰਪੰਚ ਨੂੰ ਕੋਈ ਪੁੱਛ ਸਕਦਾ ਹੈ ਕਿ ਪੰਚਾਇਤ ਹੈ ਕਿ ਖਾਪ ਪੰਚਾਇਤ ਹੈ ਤੇ ਇਹਨੂੰ ਅਜਿਹੇ ਦੁਰਮਤੇ ਪਾਸ ਕਰਨ ਦਾ ਅਧਿਕਾਰ ਕਿਹਨੇ ਦਿੱਤਾ ਹੈ?

ਸਿੱਖ ਇਤਿਹਾਸ ਵਿੱਚ ਗੁਰਦੁਆਰੇ ਦੇ ਅੰਦਰ ਬੈਠ ਕੇ ਗੁਰਦੁਆਰੇ ਨੂੰ ਢਾਹੁਣ ਦਾ ਇਹ ਪਹਿਲਾ ਦਿਲ ਹਿਲਾਊ ਵਾਕਾ ਹੈ। ਕਿਸੇ ਵੀ ਜੀਂਦੇ ਜਾਗਦੇ ਸਮਾਜ ਵਿੱਚ ਅਜਿਹੇ ਦੁਰਮਤੇ ਪਾਸ ਨਹੀਂ ਹੋ ਸਕਦੇ।

— ਸੰਪਾਦਕ, ਪੰਜਾਬ ਟੂਡੇ

ਗੁਰਮਤਿ ਦਾ ਅਗਰ ਕਿਸੇ ਨੂੰ ਅਰਕ ਕੱਢਕੇ ਸਮਝਾਉਣਾ ਹੋਵੇ ਤਾਂ ਉਹ ਸਾਂਝੀਵਾਲਤਾ ਦਾ ਅਭਿਆਸ ਅਤੇ ਸਰਬੱਤ ਦੇ ਭਲੇ ਦੀ ਅਭਿਲਾਸ਼ਾ ਦਾ ਅਭਿਆਨ ਹੈ, ਜਿਹਦੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਧਰਮਸ਼ਾਲਾ ਦੇ ਨਿਰਮਾਣ ਦਾ ਸੰਕਲਪ ਲਿਆ ਅਤੇ ਇਹਨੂੰ ਘਰ ਘਰ ਤੱਕ ਪਹੁੰਚਾਣ ਦਾ ਟੀਚਾ ਮਿੱਥਿਆ। ਗੁਰੂ ਪੰਚਮ ਪਾਤਸ਼ਾਹ ਨੇ ਇਸ ਟੀਚੇ ਨੂੰ ਹਰਿਮੰਦਰ ਸਾਹਿਬ ਦੇ ਰੂਪ ਵਿੱਚ ਵਿਸ਼ਵ ਦੇ ਸਨਮੁਖ ਪੇਸ਼ ਅਤੇ ਪ੍ਰਚੱਲਤ ਕੀਤਾ।

ਭਾਈ ਕਾਹਨ ਸਿੰਘ ਨਾਭਾ ਦੱਸਦੇ ਹਨ ਕਿ ਧਰਮਸਾਲਾ, ਹਰਿਮੰਦਰ ਜਾਂ ਗੁਰਦੁਆਰਾ ਇੱਕੋ ਗੱਲ ਹੈ। “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ” ਦੇ ਮਹਾਂਵਾਕ ਅਨੁਸਾਰ ਅੱਜ ਵਿਸ਼ਵ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁਚੇ ਪ੍ਰਕਾਸ਼ ਅਸਥਾਨ ਗੁਰਦੁਆਰਿਆਂ ਵਜੋਂ ਸੋਭਾ ਪਾ ਰਹੇ ਹਨ।

ਗੁਰਦੁਆਰੇ ਦੀ ਨਿਸ਼ਾਨੀ ਕੇਵਲ ਨਿਸ਼ਾਨ ਨਹੀਂ, ਬਲਕਿ ਨਿਸ਼ਾਨ ਸਾਹਿਬ ਹੁੰਦਾ ਹੈ, ਕਿਉਂਕਿ ਨਿਸ਼ਾਨ ਸਾਹਿਬ ਇਕ ਅਜਿਹਾ ਫਰੇਰਾ ਹੁੰਦਾ ਹੈ, ਜੋ ਆਸ ਪਾਸ ਦੀਆਂ ਇਮਾਰਤਾਂ ਤੇ ਰੁੱਖਾਂ ਤੋਂ ਉਚੇਰਾ ਹੁੰਦਾ ਹੈ, ਜਿਹਦੀ ਉਚਾਈ ਨਿਮਰਤਾ ਦੀ ਸੰਕੇਤਕ ਹੁੰਦੀ ਹੈ। ਜਿੰਨਾ ਉੱਚਾ ਨਿਸ਼ਾਨ ਸਾਹਿਬ, ਉਨੀ ਉੱਚੀ ਨਿਮਰਤਾ ਤੇ ਨਿਰਮਾਣਤਾ।

ਭਾਰਤੀ ਪਰੰਪਰਾ ਅਨੁਸਾਰ ਧਰਮ ਮਾਰਗ ਅਸਲ ਵਿੱਚ ਮੁਕਤੀ ਮਾਰਗ ਹੈ। ਮੁਕਤੀ ਨੂੰ ਨਿਰਵਾਣ ਵੀ ਕਹਿੰਦੇ ਹਨ ਤੇ ਨਿਰਵਾਣ ਨਿਰਮਾਣ ਹੋ ਕੇ ਨਸੀਬ ਹੁੰਦਾ ਹੈ। ਗੁਰੂ ਅਮਰਦਾਸ ਜੀ ਇਸ ਕਦਰ ਨਿਰਮਾਣ ਹੋ ਗਏ ਸਨ ਕਿ ਦੂਜੇ ਪਾਤਸ਼ਾਹ ਨੇ ਉਨ੍ਹਾਂ ਨੂੰ ‘ਨਿਮਾਣਿਆਂ ਦਾ ਮਾਣ’ ਜਹੀਆਂ ਸੋਲ਼ਾਂ ਸਿਫ਼ਤਾਂ ਨਾਲ਼ ਨਿਵਾਜ਼ ਕੇ ਸੋਲ਼ਾਂ ਕਲਾਂ ਸੰਪੂਰਨ ਗੁਰੂ ਥਾਪ ਦਿੱਤਾ ਸੀ। ਇਸੇ ਕਰਕੇ ਭੱਟ ਸਾਹਿਬਾਨ ਨੇ ਆਖਿਆ: ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ।।

ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜ਼ਾਹਿਰਾ ਐਲਾਨ ਸੀ ਕਿ ਨਿਮਰਤਾ ਹੀ ਸਿੱਖ ਦੀ ਉਚਾਈ ਦੀ ਸੂਚਕ ਹੈ। ਨਿਰਮਾਣਤਾ ਦੀ ਇਸ ਉਚਾਈ ਦਾ ਰਸਤਾ ਹੀ ਨਿਰਵਾਣ ਵੱਲ ਜਾਂਦਾ ਹੈ। ਨਿਰਵਾਣ ਵੱਲ ਜਾਣ ਵਾਲ਼ਾ ਮਾਰਗ ਨਿਮਰਤਾ ਦੇ ਬਗੈਰ ਹੋਰ ਕੋਈ ਨਹੀਂ ਹੈ।

ਦੁਰਮਤੇਅੱਜ ਸਾਡੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਂ ਦੀ ਉਚਾਈ, ਨਿਰਮਾਣਤਾ ਦੀ ਬਜਾਏ, ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਹੈਂਕੜ ਨੂੰ ਨਾਪਣ ਦੇ ਪੈਮਾਨੇ ਹਨ। ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਨ੍ਹਾਂ ਦੀ ਹੈਂਕੜ ਦੇ ਪ੍ਰਤੀਕ ਨਿਸ਼ਾਨ ਸਾਹਿਬਾਂ ਦੇ ਨੇੜੇ ਕਾਰਪੋਰੇਟ ਪੂੰਜੀਪਤੀਆਂ ਦੇ ਮੁਬਾਇਲਾਂ ਦੇ ਟਾਵਰ ਉਨ੍ਹਾਂ ਤੋਂ ਵੀ ਉੱਚੇ ਲੱਗੇ ਹੋਏ ਹਨ।

ਹੁਣ ਉਚੇ ਉਚੇ ਨਿਸ਼ਾਨ ਸਾਹਿਬ ਬਣਾਉਣ ਦੇ ਤਕਨੀਕੀ ਮਾਹਰ, ਸੇਵਾ ਦੀ ਬਜਾਏ ਨਿਸ਼ਾਨ ਸਾਹਿਬਾਂ ਦਾ ਵਪਾਰ ਕਰਨ ਲੱਗ ਪਏ ਹਨ। ਸਿੱਖ ਧਰਮ ਹੁਣ ਨਿੰਦਿਆ ਦੀ ਹੱਦ ਤੱਕ ਧੰਦਾ ਬਣ ਗਿਆ ਹੈ, ਜਿਹਦਾ ਸਬੂਤ ਅਤੇ ਮਿਸਾਲ ਇਹ ਹੈ ਕਿ ਸ਼ਿਰੋਮਣੀ ਕਮੇਟੀ ਦਾ ਪ੍ਰਧਾਨ ਤੱਕ ਕਹਿ ਰਿਹਾ ਹੈ ਕਿ ਕੋਰੋਨਾ ਸੰਕਟ ਕਾਰਨ ਗੁਰਦੁਆਰੇ ਘਾਟੇ ‘ਚ ਚਲੇ ਗਏ ਹਨ। ਜ਼ਾਹਿਰ ਹੈ ਕਿ ਗੁਰਦੁਆਰੇ ਵੀ ਹੁਣ ਦੁਕਾਨਾਂ ਬਣ ਗਏ ਹਨ।

ਮਹਾਨਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭੇ ਨੇ ਦੱਸਿਆ ਹੈ ਕਿ ਗੁਰਦੁਆਰੇ “ਵਿਦਿਆਰਥੀਆਂ ਲਈ ਸਕੂਲ, ਆਤਮਗਿਆਨੀਆਂ ਲਈ ਗਿਆਨਉਪਦੇਸ਼ਕ ਅਚਾਰੀਆ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤੀ ਦੀ ਰੱਖਿਆ ਲਈ ਦੁਰਗਾ ਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਸਥਾਨ” ਅਤੇ ਨਿਸ਼ਾਨ ਹਨ। ਜਿੱਥੇ ਇਹ ਪ੍ਰਬੰਧ ਜਾਂ ਬੰਦੋਬਸਤ ਨਹੀਂ ਹੈ, ਉਹ ਦੁਆਰੇ, ਉਹ ਇਮਾਰਤਾਂ ਤੇ ਉਹ ਨਿਸ਼ਾਨ ਧੋਖੇ, ਦੰਭ ਤੇ ਪੱਖੰਡ ਤੋਂ ਵੱਧ ਕੁਝ ਵੀ ਨਹੀਂ ਹਨ।

ਮੇਰੇ ਪਿਤਾ ਜੀ ਗੱਲ ਸੁਣਾਉਂਦੇ ਹੁੰਦੇ ਸਨ ਕਿ ਉਹ ਮੇਰੇ ਫੁੱਫੜ ਜੀ ਨਾਲ਼ ਕਿਤੇ ਸਫਰ ਵਿੱਚ ਸਨ ਕਿ ਰਾਤ ਪੈ ਗਈ। ਉਹ ਕਿਸੇ ਨੇੜੇ ਦੇ ਪਿੰਡ ਵਿਚ ਨਿਸ਼ਾਨ ਸਾਹਿਬ ਦੇਖ ਕੇ ਗੁਰਦੁਆਰੇ ਚਲੇ ਗਏ। ਉਨ੍ਹਾਂ ਨੇ ਰਾਤ ਰਹਿਣ ਲਈ ਪੁੱਛਿਆ ਤਾਂ ਗ੍ਰੰਥੀ ਸਿੰਘ ਨੇ ਮਨ੍ਹਾਂ ਕਰ ਦਿੱਤਾ ਕਿ ‘ਇੱਥੇ ਰਹਿਣ ਲਈ ਕੋਈ ਬੰਦੋਬਸਤ ਨਹੀਂ ਹੈ’। ਮੇਰੇ ਫੁੱਫੜ ਜੀ ਹਿਰਖ ਵਿੱਚ ਆ ਕੇ ਕਹਿਣ ਲੱਗੇ ਕਿ ‘ਜੇ ਇੱਥੇ ਕਿਸੇ ਰਾਹਗੀਰ ਦੇ ਰਹਿਣ ਦਾ ਵੀ ਬੰਦੋਬਸਤ ਨਹੀਂ, ਫਿਰ ਉਨ੍ਹਾਂ ਨੇ ਇਹ ਬਾਂਸ ਕਿਉਂ ਗੱਡਿਆ’ ਹੈ।

ਗ੍ਰੰਥੀ ਸਿੰਘ ਸਮਝਿਆ ਨਾ ਕਿ ਇਹ ਕਿਹੜੇ ਬਾਂਸ ਦੀ ਗੱਲ ਕਰਦੇ ਹਨ। ਜਦ ਮੇਰੇ ਫੁੱਫੜ ਜੀ ਨੇ ਉਸ ਗ੍ਰੰਥੀ ਸਿੰਘ ਨੂੰ ਬਾਂਸ ਤੇ ਨਿਸ਼ਾਨ ਸਾਹਿਬ ਦਾ ਫਰਕ ਸਮਝਾਇਆ ਤਾਂ ਉਹਨੇ ਫਟਾਫਟ ਉਨ੍ਹਾਂ ਦੇ ਰਹਿਣ ਦਾ ਬੰਦੋਬਸਤ ਵੀ ਕਰ ਦਿੱਤਾ ਤੇ ਲੰਗਰ ਪਾਣੀ ਵੀ ਛਕਾਇਆ। ਪਿਤਾ ਜੀ ਦੱਸਦੇ ਸਨ ਕਿ ਅਗਲੇ ਦਿਨ ਪਿੰਡ ਦੇ ਕਈ ਮੁਹਿਤਬਰ ਸੱਜਣ ਉਨ੍ਹਾਂ ਨੂੰ ਮਿਲਣ ਆਏ ਤੇ ਗਿਆਨ ਗੋਸ਼ਟੀ ਕਰਕੇ ਬੜੇ ਖੁਸ਼ ਹੋਏ। ਉਨ੍ਹਾਂ ਨੇ ਵਾਦਾ ਕੀਤਾ ਕਿ ਹੁਣ ਉਹ ਸਹੀ ਅਰਥਾਂ ਵਿੱਚ ਗੁਰਦੁਆਰੇ ਦਾ ਨਿਰਮਾਣ ਕਰਨਗੇ ਤੇ ਤਮਾਮ ਬੰਦੋਬਸਤ ਕਰਨਗੇ। ਉਹ ਲੋਕ ਸੱਚੇ ਸਨ ਜੋ ਬਾਂਸ ਅਤੇ ਨਿਸ਼ਾਨ ਸਾਹਿਬ ਦਾ ਫਰਕ ਸਮਝ ਗਏ ਸਨ ਕਿ ਨਿਸ਼ਾਨ ਸਾਹਿਬ ਸੰਕੇਤ ਹੁੰਦਾ ਹੈ, ਕਿਸੇ ਗਿਆਨ ਦਾ, ਅਭਿਆਸ ਅਤੇ ਅਭਿਆਨ ਦਾ।

ਸਿੰਘਪਰ ਇਨ੍ਹਾਂ ਲੋਕਾਂ ਦਾ ਕੀ ਕਰੀਏ ਜੋ ਗਾਤਰੇ ਕਛਹਿਰੇ ਪਾ ਕੇ, ਦਸਤਾਰਾਂ ਸਜਾ ਕੇ ਗੁਰਦੁਆਰੇ ਦੇ ਅੰਦਰ ਬੈਠ ਕੇ ਗਰੀਬ ਕਿਰਤੀ ਮਜ਼ਦੂਰਾਂ ਦੇ ਖਿਲਾਫ ਦੁਰਮਤੇ ਪਾਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਉਜਾੜ ਦੇਣ ਤੱਕ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੇ ਬਾਈਕਾਟ ਦੇ ਇਸ਼ਾਰੇ ਕਰਦੇ ਹਨ ਤੇ ਆਪਣੇ ਮੁੰਡਿਆਂ ਨੂੰ ਉਕਸਾ ਰਹੇ ਹਨ ਕਿ ਆਪਣੇ ਖੇਤਾਂ ‘ਚ ਆਉਣ ‘ਤੇ ਉਨ੍ਹਾਂ ਦੀ ਬੇਇਜ਼ਤੀ ਕਰਕੇ ਬੁਰਾ ਹਸ਼ਰ ਕਰ ਦੇਣ।

ਸਾਡੇ ਗੁਰਦੁਆਰੇ ਗਰੀਬ, ਮਜ਼ਲੂਮ, ਮਾਸੂਮ, ਨਿਮਾਣੇ ਤੇ ਨਿਆਸਰੇ ਲੋਕਾਂ ਦੇ ਹਿਤ ਅਤੇ ਰੱਖਿਆ ਲਈ ਗੁਰਮਤੇ ਕਰਨ ਦੇ ਧਾਮ ਹਨ। ਇੱਥੇ ਉਨ੍ਹਾਂ ਦੀ ਸਾਂਭ ਸੰਭਾਲ਼ ਲਈ ਬੰਦੋਬਸਤ ਕਰਕੇ, ਨਿਸ਼ਾਨ ਸਾਹਿਬ ਦੇ ਫਰੇਰੇ ਰਾਹੀਂ ਉਨ੍ਹਾਂ ਨੂੰ ਸੱਦਿਆ ਜਾਂਦਾ ਹੈ ਕਿ ਆਉ ਇਥੇ ਤੁਹਾਡੇ ਕਸ਼ਟ ਨਿਵਾਰਨ ਦੇ ਤਮਾਮ ਹੱਲ ਮੌਜੂਦ ਹਨ।

ਪਰ ਇਹ ਕਿਹੜਾ ਗੁਰਦੁਆਰਾ ਹੈ ਤੇ ਇਹ ਕਿਹੜੇ ਅਤੇ ਕਿਹਦੇ ਸਿੱਖ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਰੀਬ ਕਿਰਤੀਆਂ ਨੂੰ ਦੁਰਕਾਰ ਅਤੇ ਫਿਟਕਾਰ ਰਹੇ ਹਨ। ਇਹ ਕੌਣ ਹਨ ਜੋ ਗੁਰਮਤੇ ਨੂੰ ਦੁਰਮਤੇ ਤੱਕ ਲੈ ਗਏ ਹਨ? ਇਹ ਕਿਹੜੇ ਲੋਕ ਹਨ, ਜਿਨ੍ਹਾਂ ਤੋਂ ਡਰ ਕੇ ਗਰੀਬ ਕਿਰਤੀ ਲੋਕ ਗਿਰਜਿਆਂ ਵਿੱਚ ਪਨਾਹ ਲੈ ਰਹੇ ਹਨ? ਸਿੱਖ ਸਮਾਜ ਦੇ ਸਰਬਰਾਹਾਂ ਨੂੰ ਇਨ੍ਹਾਂ ਦਾ ਨੋਟਿਸ ਲੈਣਾ ਬਣਦਾ ਹੈ ਤੇ ਸਿੰਘ ਸਾਹਿਬਾਨ ਨੂੰ ਵੀ ਗ਼ੌਰ ਕਰਨੀ ਚਾਹੀਦੀ ਹੈ। ਇਹ ਦੁਰਮਤੇ ਸਿੱਖ ਧਰਮ ਅਤੇ ਸਿੱਖ ਸਮਾਜ ਲਈ ਬੇਹੱਦ ਚਿੰਤਾਜਨਕ ਹਨ।

ਸੁਹਿਰਦ ਜਿਮੀਦਾਰ ਤਬਕੇ ਨੂੰ ਵੀ ਆਪਣੇ ਆਪਣੀ ਤੰਗ-ਦਸਤ ਸੋਚ ਤੋਂ ਬਾਹਰ ਆ ਕੇ, ਮਾਲਕ ਤੇ ਮਜ਼ਦੂਰ ਵਿਚਕਾਰ ਉਸਰ ਰਹੀ ਖ਼ਤਰਨਾਕ ਦੀਵਾਰ ਨੂੰ ਗਿਰਾਉਣ, ਮੇਟਣ ਜਾਂ ਸਮੇਟਣ ਦਾ ਕੋਈ ਉਪਚਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਕਾਰਪੋਰੇਟ ਟੌਵਰ ਖਾ ਜਾਣਗੇ ਜ਼ਿਮੀਦਾਰ ਦੀ ਜ਼ਮੀਨ, ਮਿਹਨਤਕਸ਼ ਦੀ ਮਜ਼ਦੂਰੀ ਤੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਨ ਦੀ ਅਜ਼ਮਤ। ਫਿਰ ਨਾ ਰਹਿਣਗੇ ਬਾਂਸ ਤੇ ਨਾ ਵੱਜਣਗੇ ਵਾਜੇ।

ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024