ਆਪਣੀ ਯਾਦ ਵਿਚ

ਹਰਪਾਲ ਸਿੰਘ ਪੰਨੂ

ਹਰਪਾਲ ਸਿੰਘ ਪੰਨੂ

ਸ੍ਵੈਚਿਤਰ – ਜੋ ਆਪਣੀ ਯਾਦ ਵਿਚ ਲਿਖਿਆ 

(1836 ਵਿਚ ਗੁਲਬਰਗਾ ਜ਼ਿਲ੍ਹਾ, ਹੈਦਰਾਬਾਦ ਸਟੇਟ ਵਿਚ ਜਨਮੇ ਮੁਜਤਬਾ ਹੁਸੈਨ ਨੇ 1965 ਵਿਚ ਉਰਦੂ ਲੇਖਣ ਸ਼ੁਰੂ ਕੀਤਾ ਤੇ ਨਾਮ ਕਮਾਇਆ। ਉਨ੍ਹਾ ਦੇ ਲਿਖੇ ਖਾਕੇ (ਸ਼ਬਦ ਚਿੱਤਰ) ਬਹੁਤ ਮਕਬੂਲ ਹੋਏ ਜਿਨ੍ਹਾਂ ਵਿਚ ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਫੈਜ਼, ਸ਼ਹਰਯਾਰ, ਅੱਬਾਸ, ਕਤੀਲ ਸ਼ਿਫਾਈ, ਖੁਸ਼ਵੰਤ ਸਿੰਘ, ਐਮ.ਐਫ. ਹੁਸੈਨ ਤੇ ਇੰਦਰ ਕੁਮਾਰ ਗੁਜਰਾਲ ਹਨ। ਸਾਲ 2007 ਵਿਚ ਉਨ੍ਹਾਂ ਨੂੰ ਪਦਮ ਸ੍ਰੀ ਸਨਮਾਨ ਮਿਲਿਆ। ਇਹ ਸ੍ਵੈਚਿਤਰ ਉਨ੍ਹਾਂ ਤੋਂ ਹਿੰਦੀ ਮਾਸਿਕ ‘ਹੰਸ’ ਨੇ 1990 ਵਿਚ ਲਿਖਵਾਇਆ ਸੀ। – ਅਨੁ:)

ਮੁਜਤਬਾ ਹੁਸੈਨ, ਜਿਸ ਨੂੰ ਮਰਹੂਮ (ਸੁਰਗਵਾਸੀ) ਕਹਿੰਦਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ, ਪਰਸੋਂ ਦੁਨੀਆਂ ਤੋਂ ਵਿਦਾ ਹੋ ਗਿਆ। ਇਹ ਉਸ ਦੇ ਮਰਨ ਦੇ ਦਿਨ ਨਹੀਂ ਸਨ ਕਿਉਂਕਿ ਉਸਨੂੰ ਬਹੁਤ ਪਹਿਲਾਂ ਨਾ ਸਿਰਫ ਮਰਨਾ ਸਗੋਂ ਡੁੱਬ ਮਰਨਾ ਚਾਹੀਦਾ ਸੀ। ਸੱਚ ਹੈ ਕਿ ਜਿਸ ਦਿਨ ਉਹ ਜੰਮਿਆ ਉਸੇ ਦਿਨ ਤੋਂ ਮਰਦਾ ਆ ਰਿਹਾ ਸੀ ਤਾਂ ਵੀ ਮਰਨ ਵਿਚ ਅੱਸੀ ਸਾਲ ਲਾ ਦਿੱਤੇ। ਲੋਕ ਅੱਡੀਆਂ ਰਗੜ ਰਗੜ ਮਰਦੇ ਹਨ, ਉਹ ਅੱਡੀਆਂ ਰਗੜ ਰਗੜ ਜੀਵਿਆ। ਜ਼ਿੰਦਗੀ ਕਿਸ਼ਤਾਂ ਵਿਚ ਬੀਤੀ, ਮੌਤ ਕਿਸ਼ਤਾਂ ਵਿਚ ਆਈ।

ਜਿੰਨਾ ਚਿਰ ਜਿਉਂਦਾ ਰਿਹਾ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੁੜ ਕੇ ਦੇਖਣ ਲਈ ਹੈ ਈ ਕੁਝ ਨਹੀਂ ਸੀ। ਦੁਨੀਆਂ ਵਿਚ ਆ ਕੇ ਜਦੋਂ ਦੇਖਣ ਲਈ ਅੱਖ ਖੋਲ੍ਹੀ ਤਾਂ ਦੇਖਣ ਲਈ ਬਥੇਰਾ ਕੁਝ ਸੀ ਪਰ ਕਰਨ ਲਈ ਕੁਝ ਨਹੀਂ ਸੀ ਕਿਉਂਕਿ ਦੇਸ ਦੀ ਆਜ਼ਾਦੀ ਆਉਣ ਵਿਚ ਸਿਰਫ ਗਿਆਰਾਂ ਸਾਲ ਬਾਕੀ ਸਨ।

ਉਸਦੀ ਦਿਲੀ ਖਾਹਿਸ਼ ਸੀ ਕਿ ਆਜ਼ਾਦੀ ਦੇ ਅੰਦੋਲਨ ਵਿਚ ਹਿੱਸਾ ਲਏ ਪਰ ਸੱਤ ਅੱਠ ਸਾਲ ਦੀ ਉਮਰ ਵਿਚ ਕਿਸਨੇ ਇਸਦੀ ਆਗਿਆ ਦੇਣੀ ਸੀ? ਵੱਡੀ ਉਮਰ ਦੇ ਲੋਕ ਇਸ ਵਿਚ ਰੁਝੇ ਹੋਏ ਸਨ। ਉਸਦੀ ਤਮੰਨਾ ਸੀ ਅੰਗਰੇਜ਼ ਦੀ ਲਾਠੀ ਖਾਂਦਾ। ਜਦੋਂ ਇਹ ਖਾਹਿਸ਼ ਜਾਹਰ ਕਰਦਾ ਤਾ ਪਿਤਾ ਲਾਠੀ ਮਾਰਦੇ। ਅੰਗਰੇਜ਼ ਦੀ ਲਾਠੀ ਖਾਣ ਵਿਚ ਜੋ ਜ਼ਾਇਕਾ ਸੀ ਉਹ ਪਿਤਾ ਦੀ ਲਾਠੀ ਵਿਚ ਕਿਥੇ।

ਜਿਸ ਕਿਸੇ ਨੇ ਉਸ ਜ਼ਮਾਨੇ ਵਿਚ ਗਲਤੀਵਸ ਵੀ ਅੰਗਰੇਜ਼ ਦੀ ਲਾਠੀ ਖਾਧੀ ਦੇਖੋ ਕਿੰਨੇ ਮਜ਼ੇ ਵਿਚ ਹੈ, ਕਿੰਨੀ ਉਚੀ ਕੁਰਸੀ ਤੇ ਸੁਸ਼ੋਭਿਤ ਹੈ। ਜੀ ਕਰੜਾ ਕਰਕੇ ਜਾਂਦੇ ਜਾਂਦੇ ਅੰਗਰੇਜ਼ ਤੋਂ ਆਖਰੀ ਲਾਠੀ ਖਾ ਵੀ ਸਕਦਾ ਸੀ ਪਰ ਨੌ ਭਰਾਵਾਂ ਵਿਚੋ ਉਸਤੋਂ ਵੱਡੇ ਪੰਜ ਇਸ ਕੰਮ ਵਿਚ ਲੱਗੇ ਹੋਏ ਸਨ। ਉਸ ਦਾ ਦੁਖਾਂਤ ਇਹ ਸੀ ਕਿ ਉਸਦਾ ਸਮਾਂ ਕਦੀ ਸਮੇਂ ਸਿਰ ਨਹੀਂ ਆਇਆ, ਕਦੀ ਸਮਾਂ ਪਹਿਲਾਂ ਆ ਜਾਂਦਾ ਕਦੀ ਲੇਟ ਆਉਂਦਾ। ਜੀਵਨ ਭਰ ਵਕਤ ਨਲ ਲੁਕਣਮੀਟੀ ਖੇਡੀ। ਲੁਕਣਮੀਟੀ ਖੇਡਦਿਆਂ ਆਖਰੀ ਵਕਤ ਆ ਗਿਆ।

ਸ਼ਾਦੀ ਕੀਤੀ ਸੋ ਵਕਤ ਤੋਂ ਪਹਿਲਾਂ, ਜਦੋਂ ਪਤਾ ਨਹੀਂ ਸੀ ਲੋਕ ਸ਼ਾਦੀ ਕਿਉਂ ਕਰਦੇ ਹਨ। ਸ਼ਾਦੀ ਦੀ ਪਹਿਲੀ ਰਾਤ ਨੂੰ ਹੀ ਆਪਣੇ ਹਮ ਉਮਰ ਦੋਸਤਾਂ ਨਾਲ ਪੂਰਨਮਾਸ਼ੀ ਦੀ ਚਾਨਣੀ ਵਿਚ ਕਬੱਡੀ ਖੇਡਣ ਚਲਾ ਗਿਆ। ਬਜ਼ੁਰਗ ਜਬਰਦਸਤੀ ਫੜ ਕੇ ਲਿਆਏ ਤੇ ਇਕੱਲੇ ਨੂੰ ਸਮਝਾਇਆ ਕਿ ਕਬੱਡੀ ਖੇਡਣੀ ਹੀ ਹੈ ਤਾਂ ਦੁਲਹਨ ਨਾਲ ਖੇਡ। ਤਿਆਰ ਤਾਂ ਹੋ ਗਿਆ ਪਰ ਬਜ਼ਿਦ ਕਿ ਬੀਵੀ ਨਾਲ ਚੰਦ ਚਾਨਣੀ ਵਿਚ ਕਬੱਡੀ ਖੇਡੇਗਾ। ਬਾਦ ਵਿਚ ਪਤਾ ਲੱਗਾ ਕਿ ਇਹ ਕਬੱਡੀ ਚਾਨਣੀ ਵਿਚ ਨਹੀਂ ਖੇਡਿਆ ਕਰਦੇ।

ਚੰਦ ਅਤੇ ਚਾਨਣੀ ਦੋਵਾਂ ਦੀ ਉਸ ਵਾਸਤੇ ਅਹਿਮੀਅਤ ਸੀ। ਪੂਰਾ ਚੰਦ ਦੇਖਣ ਸਾਰ ਪਤਾ ਨਹੀਂ ਕੀ ਵਾਪਰਦਾ, ਆਪੇ ਤੋਂ ਬਾਹਰ ਹੋ ਜਾਂਦਾ। ਜਵਾਨੀ ਦੇ ਦਿਨ ਪਿੰਡ ਦੀ ਚਾਨਣੀ ਦੇਖਕੇ ਸ਼ੈਦਾਈ ਹੋ ਜਾਂਦਾ ਤੇ ਦੂਰ ਖੇਤਾਂ ਵਿਚ ਫਿਰਦਾ ਰਹਿੰਦਾ। ਪਤਾ ਨਹੀਂ ਚੰਦ ਵਿਚੋਂ ਕੀ ਲਭਦਾ ਹੁੰਦਾ। ਜਗਮਗਾਉਂਦੇ ਸ਼ਹਿਰਾਂ ਵਿਚ ਰਹਿਣ ਲੱਗਾ, ਚੰਦ ਅਤੇ ਚਾਨਣੀ ਦੋਵੇਂ ਧੁੰਦਲੇ ਪੈ ਗਏ, ਤਾਂ ਵੀ ਚਾਨਣੀ ਦੀ ਤਲਾਸ਼ ਕਰਦਾ ਨ੍ਹੇਰੇ ਰਸਤਿਆਂ ਵਿਚ ਤੁਰਨ ਲਗਦਾ।

ਚੰਗਾ ਹੋਇਆ ਇਕ ਮੁਦਤ ਬਾਦ ਨੀਲ ਆਰਮਸਟਰਾਂਗ ਨੇ ਚੰਦ ਤੇ ਕਦਮ ਰੱਖਿਆ। ਇਹ ਨਾਰਾਜ਼ ਹੋ ਗਿਆ ਕਿ ਕਿਸੇ ਗੈਰ ਨੇ ਚੰਦ ਨੂੰ ਛੂਹ ਲਿਆ। ਹੁਣ ਚਾਨਣੀ ਕਵਾਰੀ ਨਹੀਂ ਰਹੀ ਇਸ ਕਰਕੇ ਹੁਣ ਉਸਨੂੰ ਦੇਖਣ ਦੀ ਰੁਚੀ ਨਹੀਂ ਰਹੀ, ਦੇਖਦਾ ਵੀ ਤਾਂ ਪਾਗਲਪਣ ਦਾ ਦੌਰਾ ਨਾ ਪੈਂਦਾ ਕਿਉਂਕਿ ਚਾਨਣੀ ਤਾਂ ਹੁਣ ਪਰਾਈ ਹੋ ਗਈ ਸੀ। ਜਦੋਂ ਰਹਿਣ ਲਈ ਘਰ ਸੀ ਉਦੋਂ ਚੰਦ, ਸੂਰਜ ਤੇ ਤਾਰਿਆਂ ਉਪਰ ਮਾਲਕੀ ਕਾਇਮ ਕਰਦਾ। ਇਸੇ ਕਾਰਨ ਜੀਵਨ ਵਿਚ ਸੁਖ ਨਾ ਮਿਲਿਆ। ਆਦਮੀ ਕਿੰਨਾ ਛੋਟਾ, ਖਾਹਿਸ਼ਾਂ ਕਿੰਨੀਆਂ ਵੱਡੀਆਂ।

ਉਸਨੇ ਇਸ਼ਕ ਤਾਂ ਇਕ ਵਾਰ ਕੀਤਾ ਪਰ ਮਸਲਾ ਫਿਰ ਉਹੀ, ਗਲਤ ਵਕਤ ਤੇ ਕੀਤਾ। ਦੇਖਿਆ ਜਾਏ ਤਾਂ ਸੱਚਾ ਇਸ਼ਕ ਕਰਨ ਦੀ ਉਮਰ ਇੱਕੀ ਸਾਲ ਸੀ ਤੇ ਇਹੋ ਉਮਰ ਸਹੀ ਹੁੰਦੀ ਹੈ ਪਰ ਉਦੋਂ ਤਕ ਅਣਜਾਣੇ ਵਿਚ ਉਸਦਾ ਵਿਆਹ ਹੋ ਗਿਆ ਤੇ ਅਣਜਾਣੇ ਹੀ ਇਕ ਬੱਚੇ ਦਾ ਪਿਤਾ ਬਣ ਗਿਆ। ਆਪਣੇ ਆਪ ਨੂੰ ਇਹ ਕਹਿਕੇ ਤਸੱਲੀ ਦਿਆ ਕਰਦਾ ਕਿ ਵਿਆਹ ਮਾਪਿਆ ਦੀ ਮਰਜ਼ੀ ਨਾਲ ਤੇ ਇਸ਼ਕ ਆਪਣੀ ਮਰਜ਼ੀ ਨਾਲ ਕਰਾਂਗੇ। ਕੁਝ ਸਾਲ ਮਰਜ਼ੀ ਨਾਲ ਇਸ਼ਕ ਕੀਤਾ ਵੀ ਫਿਰ ਮਹਿਬੂਬਾ ਨੇ ਆਪਣੀ ਮਰਜ਼ੀ ਨਾਲ ਕਿਤੇ ਵਿਆਹ ਕਰਾ ਲਿਆ।

ਵਕਤ ਨੇ ਉਸਨੂੰ ਇਸ਼ਕ ਦੇ ਜੌਹਰ ਦਿਖਾਣ ਦਾ ਮੌਕਾ ਨਹੀਂ ਦਿੱਤਾ ਵਰਨਾ ਇਤਿਹਾਸ ਵਿਚ ਉਸਦਾ ਰੁਤਬਾ ਮਜਨੂੰ, ਫਰਹਾਦ ਅਤੇ ਰੋਮੀਓ ਵਗੈਰਾ ਤੋਂ ਘੱਟ ਨਾ ਹੁੰਦਾ। ਪਹਿਲਾ ਇਸ਼ਕ ਨਾਕਾਮ ਹੋਇਆ, ਫਿਰ ਉਸਨੂੰ ਇਸ਼ਕ ਕਰਨ ਦੀ ਆਦਤ ਪੈ ਗਈ। ਪਿਛੋਂ ਜਿੰਨੇ ਵੀ ਇਸ਼ਕ ਕੀਤੇ ਆਦਤ ਤੋਂ ਮਜਬੂਰ ਹੋ ਕੇ ਕੀਤੇ। ਅਧੇੜ ਉਮਰ ਵਿਚ ਆਪਣੇ ਪਿਛਲੇ ਸਮੇਂ ਨੂੰ ਯਾਦ ਕਰਦਿਆਂ ਹਉਕਾ ਭਰਦਾ ਤਾਂ ਪਤਾ ਨਾ ਲਗਦਾ ਇਹ ਹਊਕਾ ਕਿਸ ਮਾਸੂਮ ਮਹਿਬੂਬਾ ਦੀ ਯਾਦ ਹੈ।

ਯਾਦਚੰਗਾ ਹੋਇਆ ਕਿ ਬੀਵੀ ਸੁਘੜ ਅਤੇ ਵਫਾਦਾਰ ਸੀ, ਸਭ ਹਰਕਤਾਂ ਤੋਂ ਵਾਕਫ ਹੋਣ ਦੇ ਬਾਵਜੂਦ ਉਸਦੀ ਖਾਹਿਸ਼ ਹੁੰਦੀ ਕਿ ਖਾਵੰਦ ਰਾਤ ਜਿਥੇ ਮਰਜ਼ੀ ਬਿਤਾਏ ਪਰ ਸਵੇਰੇ ਜਾਗੇ ਘਰ ਦੇ ਬਿਸਤਰੇ ਤੇ। ਉਸਨੇ ਸਾਰੀ ਉਮਰ ਬੀਵੀ ਦੀ ਇਹ ਇਛਾ ਪੂਰੀ ਕੀਤੀ। ਆਖਰੀ ਉਮਰ ਚੋਰੀ ਛੁਪੀ ਇਸ਼ਕ ਕੀਤਾ ਕਿਉਂਕਿ ਉਦੋਂ ਧੀਆਂ ਪੁੱਤਾਂ ਦੇ ਵਿਆਹ ਹੋ ਗਏ ਸਨ ਤੇ ਦੋਹਤੇ ਪੋਤੇ ਘਰ ਵਿਚ ਦੌੜਾਂ ਲਾਉਂਦੇ ਫਿਰਦੇ। ਕੰਬਖਤ ਨੂੰ ਕਿਸ ਵਕਤ ਖੁਦਾ ਯਾਦ ਆਇਆ।

ਆਦਮੀ ਗਲਤ ਵਕਤ ਸਹੀ ਕੰਮ ਕਰਨਾ ਚਾਹੇ ਤਾਂ ਮੁਸ਼ਕਲ ਆਉਦੀ ਹੈ। ਵਫਾਦਾਰ ਬੀਵੀ ਦੀ ਇਛਾ ਸੀ ਕਿ ਉਸਦਾ ਆਖਰੀ ਸਾਹ ਖਾਵੰਦ ਦੀਆਂ ਬਾਹਾਂ ਵਿਚ ਨਿਕਲੇ। ਪਰ ਉਹ ਕਿਹਾ ਕਰਦਾ, ਬਿਲਕੁਲ ਨਹੀਂ। ਜੇ ਤੈਨੂੰ ਬੀਵੀ ਬਣਾਇਆ ਹੈ ਤਾ ਬੇਵਾ(ਵਿਧਵਾ) ਵੀ ਬਣਾਊਂਗਾ। ਬੀਵੀ ਬਣਾਉਣ ਵਿਚ ਮੇਰਾ ਅਖਤਿਆਰ ਨਹੀਂ ਸੀ ਪਰ ਬੇਵਾ ਬਣਾਉਣ ਵਿਚ ਤਾਂ ਹੈ ਨਾਂ। ਆਪਣੀ ਬੀਵੀ ਨੂੰ ਬੇਵਾ ਦੀ ਪਦਵੀ ਦੇ ਕੇ ਕੂਚ ਕਰ ਗਿਆ।

ਵੈਸੇ ਸਾਰੀ ਉਮਰ ਹੋਸ਼ ਉਡੇ ਹੀ ਰਹੇ, ਪਰ ਬੁਰਾ ਸਮਾਂ ਆਦਾਂ ਤਾਂ ਹੋਸ਼ ਸੰਭਲ ਜਾਂਦੇ। ਜਦੋਂ ਹੋਸ਼ ਸੰਭਾਲਿਆ, ਦੇਸ ਆਜਾਦ ਹੋ ਗਿਆ। ਲੋਕਾਂ ਨੂੰ ਪਤਾ ਨਾ ਲੱਗੇ ਕਿ ਆਜ਼ਦੀ ਲੈ ਕੇ ਹੁਣ ਕਰਨ ਕੀ। ਅਜੀਬ ਦੌਰ ਸੀ। ਦੇਸ ਵੰਡਿਆ ਗਿਆ। ਖਾਨਦਾਨ ਵੰਡੇ ਜਾਣ ਲੱਗੇ। ਥਾਂ ਥਾਂ ਫਿਰਕੂ ਫਸਾਦ ਹੋਣ ਲੱਗੇ। ਬਾਰਾਂ ਸਾਲ ਦੀ ਉਮਰ ਵਿਚ ਉਸਨੇ ਫਸਾਦੀਆਂ ਹੱਥੋਂ ਆਪਣੇ ਮਾਮਾ ਜਾਨ ਨੂੰ ਕਤਲ ਹੁੰਦੇ ਦੇਖਿਆ।

ਇਹ ਦ੍ਰਿਸ਼ ਸਾਰੀ ਉਮਰ ਉਸਦੇ ਦਿਲ ਵਿਚ ਕਾਇਮ ਰਿਹਾ ਪਰ ਇਸ ਸਦਕਾ ਬਦਲਾਖੋਰੀ ਦੀ ਭਾਵਨਾ ਨਹੀਂ ਜਾਗੀ। ਇੰਨਾ ਹੋਇਆ ਕਿ ਇਸ ਹਾਦਸੇ ਬਾਦ ਵਧ ਤੋਂ ਵਧ ਸਮਾਂ ਦੋਸਤਾਂ ਵਿਚ ਬਿਤਾਉਂਦਾ। ਵਿਦਿਆਰਥੀ ਜੀਵਨ ਹੋਸਟਲਾਂ ਵਿਚ ਬਿਤਾਇਆ। ਘਰ ਵਸਾਣ ਦਾ ਸਮਾ ਆਇਆ ਤਾਂ ਘਰ ਵਿਚ ਇਸ ਤਰ੍ਹਾਂ ਰਹਿੰਦਾ ਜਿਵੇਂ ਹੋਸਟਲ ਵਿਚ ਹੋਵੇ। ਦੇਰ ਰਾਤ ਪਰਤਣਾ ਤੇ ਸਵੇਰ ਸਾਰ ਜਲਦੀ ਘਰੋਂ ਨੱਠਣ ਦੀ ਆਦਤ ਰਹੀ। ਕਿਸੇ ਦਿਨ ਜਲਦੀ ਘਰ ਆ ਜਾਂਦਾ ਤਾ ਘਰ ਵਾਲੇ ਪ੍ਰੇਸ਼ਾਨ ਹੋ ਜਾਂਦੇ ਕਿ ਸ਼ਾਇਦ ਤਬੀਅਤ ਠੀਕ ਨਹੀਂ। ਆਖੀਰ ਉਮਰ ਵਿਚ ਤਾਂ ਸਿਹਤਮੰਦੀ ਸਾਬਤ ਕਰਨ ਲਈ ਹੀ ਦੇਰ ਰਾਤ ਪਰਤਦਾ ਕਿਉਂਕਿ ਦੇਰ ਨਾਲ ਆਉਣ ਦੇ ਸਾਰੇ ਕਾਰਨ ਖਤਮ ਹੋ ਗਏ ਸਨ।

ਲੋਕ ਅਕਸਰ ਪੁੱਛਦੇ ਕਿ ਅਜਿਹਾ ਬੇਢਬਾ ਬੰਦਾ ਕਲਮਕਾਰ ਕਿਵੇਂ ਬਣ ਗਿਅ? ਪਤਾ ਹੋਣਾ ਚਾਹੀਦੈ ਕਿ ਕਲਮਕਾਰ ਬਣਦਾ ਹੀ ਉਹ ਹੈ ਜੋ ਬੇਢਬਾ ਹੋਵੇ। ਹੋਇਆ ਇਹ ਕਿ ਜੋ ਕੁਝ ਬਣਨਾ ਚਾਹੁੰਦਾ ਸੀ ਨਹੀਂ ਬਣਿਆ, ਸਗੋਂ ਦੋਸਤਾਂ ਨੇ ਜੋ ਬਣਾਉਣਾ ਚਾਹਿਆ ਉਹ ਬਣਦਾ ਚਲਾ ਗਿਆ। ਚੰਗਾ ਹੋਇਆ ਕਿਸੇ ਨੇ ਜੇਬ ਕਤਰਾ ਬਣਾਉਣਾ ਨਹੀਂ ਚਾਹਿਆ, ਲਿਹਾਜ ਲਿਹਾਜ ਵਿਚ ਜੇਬ ਕਤਰਾ ਵੀ ਬਣ ਜਾਂਦਾ, ਕੋਈ ਗੱਲ ਮੋੜੀ ਹੀ ਨਹੀਂ।

ਜਿੰਨੀ ਦੋਸਤਾਂ ਨੇ ਆਖਿਆ ਵਿੱਦਿਆ ਹਾਸਲ ਕੀਤੀ ਤੇ ਦੋਸਤਾਂ ਦੇ ਕਹਿਣ ਤੇ ‘ਸਿਆਸਤ’ ਅਖਬਾਰ ਵਿਚ ਨੌਕਰੀ ਕਰਨ ਲੱਗਾ। ਸਰਕਾਰੀ ਨੌਕਰੀਆਂ ਮਿਲਦੀਆਂ ਵੀ ਕਿੱਥੇ ਸਨ। ਸ਼ੁਰੂ ਵਿਚ ਪੱਤਰਕਾਰ ਦੀ ਹੈਸੀਅਤ ਵਿਚ ਕੰਮ ਕੀਤਾ। ਅਖਬਾਰ ਵਿਚ ਵਿਅੰਗ ਕਾਲਮ ਹੁੰਦਾ ਸੀ ਜੋ ਮਸ਼ਹੂਰ ਲੇਖਕ ਸ਼ਾਹਿਦ ਸਦੀਕੀ ਲਿਖਿਆ ਕਰਦਾ। ਸਾਲ 1962 ਵਿਚ ਸਦੀਕੀ ਰੱਬ ਨੂੰ ਪਿਆਰਾ ਹੋ ਗਿਆ ਤੇ ਅਖਬਾਰ ਦੇ ਮਾਲਕਾਂ ਨੇ ਕਹਿ ਦਿੱਤਾ- ਹੁਸੈਨ, ਇਹ ਕਾਲਮ ਹੁਣ ਤੇਰੇ ਜ਼ਿੰਮੇ।

ਉਦੋਂ ਉਸਨੂੰ ਕੀ ਪਤਾ ਸੀ ਤਨਜ਼, ਵਿਅੰਗ ਹੁੰਦਾ ਕੀ ਹੈ। ਬੜੇ ਵਾਸਤੇ ਪਾਏ ਹੱਥ ਪੈਰ ਜੋੜੇ ਕਿ ਰਹਿਮ ਕਰੋ, ਕਿਸੇ ਹੋਰ ਤੋਂ ਲਿਖਵਾ ਲਓ, ਨਹੀਂ ਮੰਨੇ। ਲੋਕ ਪੇਟ ਖਾਤਰ ਰੋਂਦੇ ਨੇ, ਇਹ ਪੇਟ ਖਾਤਰ ਹੱਸਣ ਲੱਗਾ। ਆਦਮੀ ਕਿਉਂਕਿ ਡਰਪੋਕ ਸੀ ਇਸ ਵਾਸਤੇ ਲਿਖਤ ਵਿਚ ਹੋਰਾਂ ਦਾ ਮਜ਼ਾਕ ਉਡਾਉਣ ਦੀ ਥਾਂ ਖੁਦ ਦਾ ਮਜ਼ਾਕ ਉਡਾਉਂਦਾ। ਸਭ ਨਾਲੋਂ ਸੁਰੱਖਿਅਤ ਤਰੀਕਾ ਇਹੋ ਸੀ। ਕੁਝ ਸਮੇਂ ਬਾਦ ਆਲੋਚਕ ਕਹਿਣ ਲੱਗੇ, ਦੂਜਿਆਂ ਦਾ ਮਜ਼ਾਕ ਤਾਂ ਹਰੇਕ ਉਡਾ ਦਿੰਦਾ ਹੈ, ਆਪਣਾ ਮਜ਼ਾਕ ਉਡਾਉਣਾ ਬੜੀ ਹਿੰਮਤ ਦਾ ਕੰਮ ਹੈ।

ਇਸ ਤਾਰੀਫ ਨਾਲ ਉਹ ਇੰਨਾ ਖੁਸ਼ ਹੋਇਆ ਕਿ ਆਪਣੀ ਨਸ਼ਤਰ ਨਾਲ ਖੁਦ ਨੂੰ ਲਹੂ ਲੁਹਾਣ ਕਰਦਾ ਰਿਹਾ। ਘੱਟ ਪੈਸਿਆਂ ਵਿਚ ਸ਼ਾਇਦ ਹੀ ਕਿਸੇ ਨੇ ਆਪਣੇ ਆਪ ਨੂੰ ਇੰਨਾ ਜ਼ਖਮੀ ਕੀਤਾ ਹੋਵੇ। ਲੋਕਾਂ ਨੇ ਉਸਨੂੰ ਅੱਖਾਂ ਤੇ ਬਿਠਾਇਆ, ਚਾਹੁੰਦੇ ਤਾਂ ਕਿਸੇ ਵੱਡੀ ਕੁਰਸੀ ਤੇ ਬਿਠਾ ਸਕਦੇ ਸਨ ਪਰ ਉਥੇ ਪਹਿਲਾਂ ਹੀ ਹੋਰ ਬੰਦੇ ਬੈਠੇ ਹੋਏ ਸਨ ਇਸ ਕਰਕੇ ਅੱਖਾਂ ਤੇ ਬਿਠਾਈ ਰੱਖਿਆ। ਅੱਖਾਂ ਤੇ ਬੈਠਿਆਂ ਬੈਠਿਆਂ ਪੰਦਰਾਂ ਕਿਤਾਬਾਂ ਲਿਖੀਆਂ।

ਉਮਰ ਦੇ ਆਖਰੀ ਹਿੱਸੇ ਵਿਚ ਉਸਨੂੰ ਪਤਾ ਲੱਗਾ ਕਿ ਉਹ ਵਿਅੰਗ ਬਿਲਕੁਲ ਨਹੀਂ ਲਿਖ ਸਕਦਾ ਕਿਉਂਕਿ ਅੰਦਰੋਂ ਦੁਖੀ ਸੀ। ਮਹਿਫਲਾਂ ਵਿਚ ਠਹਾਕੇ ਲਾਉਣੇ ਹੋਰ ਗੱਲ ਹੈ। ਇਹ ਤਾਂ ਜੱਗ ਹਸਾਈ, ਦੁਨੀਆਂ ਦਿਖਾਈ ਹੋਈ ਨਾ, ਇਕੱਲਾ ਹੁੰਦਾ ਤਾਂ ਖੁਦਕਸ਼ੀ ਕਰਨ ਬਾਰੇ ਸੋਚਦਾ। ਇਸ ਮਸਲੇ ਤੇ ਦੋਸਤਾਂ ਦੀ ਸਲਾਹ ਵੀ ਲਈ।

ਇਕ ਦੋਸਤ ਨੇ ਕਿਹਾ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ। ਹੁਸੈਨ ਤਿਆਰ ਵੀ ਹੋ ਗਿਆ ਪਰ ਦੂਜਾ ਦੋਸਤ ਸਹਿਮਤ ਨਹੀਂ ਸੀ, ਸੋ ਮਨ੍ਹਾ ਕਰ ਦਿੱਤਾ। ਉਸਨੇ ਦੋਵਾਂ ਦੋਸਤਾਂ ਨੂੰ ਇਕੱਠੇ ਬੈਠਕੇ ਕਿਸੇ ਨਤੀਜੇ ਤੇ ਪਹੁੰਚਣ ਲਈ ਕਿਹਾ ਤਾਂ ਕਿ ਫੈਸਲਾ ਹੋ ਸਕੇ। ਦੋਵੇਂ ਦੋਸਤ ਦਹਾਕਿਆਂ ਬੱਧੀ ਵਿਚਾਰ ਵਟਾਂਦਰਾ ਕਰਦੇ ਰਹੇ ਪਰ ਸਹਿਮਤੀ ਨਾ ਹੋਈ। ਫਲਸਰੂਪ ਉਸਨੂੰ ਬੇਕਾਰ ਜਿਊਂਦਾ ਰਹਿਣਾ ਪਿਆ। ਦੋਵੇਂ ਦੋਸਤ ਵਿਚਾਰ ਵਟਾਂਦਰਾ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ।

ਜਵਾਨੀ ਹੈਦਾਰਾਬਾਦ ਵਿਚ ਗੁਜ਼ਾਰੀ। ਉਹ ਗਲੀਆਂ ਯਾਦ ਆਉਂਦੀਆਂ ਰਹੀਆਂ ਜਿਥੇ ਜਵਾਨੀ ਤੋਂ ਇਲਾਵਾ ਹੋਰ ਬੜਾ ਕੁਝ ਖੋਇਆ ਸੀ। ਜਿਨ੍ਹਾਂ ਸ਼ਹਿਰਾਂ ਵਿਚ ਪਿਛੋਂ ਰਹੇ, ਉਹ ਜ਼ਿੰਦਗੀ ਦਾ ਹਿੱਸਾ ਨਾ ਬਣੇ ਕਿਉਂਕਿ ਇਨ੍ਹਾਂ ਸ਼ਹਿਰਾਂ ਵਿਚ ਖੋਇਆ ਘੱਟ ਤੇ ਪਾਇਆ ਵਧੀਕ ਸੀ। ਹੁਸੈਨ ਨੂੰ ਘਾਟੇ ਦਾ ਸੌਦਾ ਪਸੰਦ ਸੀ। ਹੈਦਰਾਬਾਦ ਵਿਚੋਂ ਨਿਕਲ ਕੇ ਉਸਨੇ ਦੁਨੀਆਂ ਦੀ ਸੈਰ ਕੀਤੀ ਪਰ ਬਿਨਾਂ ਆਪਣੇ ਪੱਲਿਉਂ ਧੇਲਾ ਖਰਚੇ। ਕਿਰਾਇਆ ਨਹੀਂ, ਬਾਕੀ ਖਰਚੇ ਵੀ ਦੋਸਤਾਂ ਨੇ ਕੀਤੇ, ਤਾਂ ਵੀ ਹੈਦਰਾਬਾਦ ਆਖਰ ਹੈਦਰਾਬਾਦ ਹੈ।

ਤੀਹ ਸਾਲ ਹੋ ਗਏ ਸਨ ਹੈਦਰਾਬਾਦ ਛੱਡਿਆਂ ਜਿਥੇ ਦੋਸਤ, ਰਿਸ਼ਤੇਦਾਰ ਇਕ ਇਕ ਕਰਕੇ ਕੂਚ ਕਰਦੇ ਗਏ। ਪਤਾ ਨਹੀਂ ਫੇਰ ਵੀ ਹੈਦਰਾਬਾਦ ਕਿਉਂ ਜਾਂਦਾ ਰਿਹਾ, ਕੀ ਲੱਭਣਾ ਸੀ। ਜਿਨ੍ਹਾਂ ਗਲੀਆਂ ਸੜਕਾਂ ਤੇ ਠੋਕ੍ਹਰਾਂ ਖਾਇਆ ਕਰਦਾ ਸੀ ਉਨ੍ਹਾਂ ਦੇ ਨੈਣ ਨਕਸ਼ ਬਦਲ ਗਏ ਸਨ, ਕਿਤੇ ਉਨ੍ਹਾਂ ਦੀ ਥਾਂ ਵੱਡੀਆਂ ਇਮਾਰਤਾਂ ਉਸਰ ਗਈਆਂ ਸਨ। ਹੁਸੈਨ ਨੂੰ ਵੱਡੀਆਂ ਇਮਾਰਤਾਂ ਦੀ ਥਾਂ ਪੰਜਾਹ ਸਾਲ ਪੁਰਾਣੇ ਕੱਚੇ ਮਕਾਨ ਦਿਸੀ ਜਾਂਦੇ। ਉਹ, ਉਸਨੂੰ ਦੇਖ ਦੇਖ ਖੁਸ਼ ਹੁੰਦਾ ਰਹਿੰਦਾ ਜੋ ਹੁਣ ਗਾਇਬ ਸੀ।

ਹੈਦਰਾਬਾਦ ਧਰਤੀ ਉਪਰ ਨਹੀਂ ਦਿਲ ਵਿਚ ਆਬਾਦ ਸੀ। ਦੋਸਤਾਂ ਨੂੰ ਫਖਰ ਨਾਲ ਦੱਸਿਆ ਕਰਦਾ ਕਿ ਪੰਜਵੇਂ ਛੇਵੇਂ ਦਹਾਕੇ ਵਿਚ ਜਿਹੋ ਜਿਹਾ ਚੰਦ ਹੈਦਰਾਬਾਦ ਵਿਚ ਨਿਕਲਿਆ ਕਰਦਾ ਸੀ, ਦੁਨੀਆਂ ਵਿਚ ਹੋਰ ਕਿਤੇ ਨਹੀਂ ਨਿਕਲ ਸਕਿਆ। ਪਤਾ ਨਹੀਂ ਕਿਹੜੇ ਚੰਦ ਸੂਰਜ ਦੀ ਗੱਲ ਕਰਦਾ ਹੁੰਦਾ। ਮੁੱਦਤ ਤੋਂ ਚੰਦ ਵੱਲ ਤਾਂ ਦੇਖਣਾ ਤੱਕ ਛੱਡ ਦਿੱਤਾ ਸੀ।

ਆਪਣੇ ਆਪ ਨੂੰ ਉਸਨੇ ਕਦੇ ਲੇਖਕ ਨਹੀਂ ਮੰਨਿਆ ਫੇਰ ਵੀ ਕਈ ਅਸਲੀ ਇਨਾਮ ਮਿਲੇ। ਅਸਲੀ ਇਸ ਲਈ ਕਿਹਾ ਕਿਉਂਕਿ ਹਾਸਲ ਕਰਨ ਦਾ ਯਤਨ ਨਹੀਂ ਕੀਤਾ। ਕਦੀ ਸ਼ੱਕ ਹੋ ਜਾਂਦਾ ਕਿ ਸ਼ਾਇਦ ਉਹ ਲੇਖਕ ਬਣ ਈ ਗਿਆ ਹੋਵੇ। ਉਸਦੀ ਖੂਬੀ ਇਹ ਸੀ ਕਿ ਗਲਤਫਹਿਮੀ ਵਿਚ ਤਾਂ ਉਲਝਦਾ ਪਰ ਖੁਸ਼ਫਹਿਮੀ ਆਪਣੇ ਕੋਲ ਫਟਕਣ ਨਾ ਦਿੰਦਾ। ਉਸਦੀ ਨਾਕਾਮ ਨਾਮੁਰਾਦ ਜ਼ਿੰਦਗੀ ਦਾ ਇਹੀ ਭੇਦ ਸੀ।

ਰਾਤ ਨੂੰ ਦੇਰ ਤੱਕ ਵੀਰਾਨ ਪਾਰਕ ਦੇ ਟੁੱਟੇ ਭੱਜੇ ਬੈਂਚ ਉਪਰ ਇਕੱਲਾ ਬੈਠਦਾ। ਸੁਹਣੇ ਬਗੀਚੇ ਦੀ ਸੁਹਣੀ ਕੁਰਸੀ ਤੇ ਬੈਠ ਸਕਦਾ ਸੀ ਪਰ ਸੁਹਣੀਆਂ ਚੀਜ਼ਾਂ ਉਸਨੂੰ ਖਾਣ ਨੂੰ ਪੈਂਦੀਆਂ। ਵੀਰਾਨਗੀ ਵਿਚ ਬੈਠ ਕੇ ਆਪਣਾ ਸੁਨਹਿਰੀ ਭੂਤਕਾਲ ਹੋਰ ਵੀ ਖੁੱਲ੍ਹਾ ਅਤੇ ਰੌਸ਼ਨ ਨਜ਼ਰ ਆਉਦਾ ਹੈ। ਇਸ ਬੈਂਚ ਤੇ ਬੈਠ ਕੇ ਕੀ ਸੋਚਦਾ, ਪਤਾ ਨਹੀਂ, ਭਵਿੱਖ ਬਾਰੇ ਬਿਲਕੁਲ ਨਾਂ ਸੋਚਦਾ, ਭਵਿੱਖ ਬਚਿਆ ਹੀ ਨਹੀਂ ਸੀ।

ਕਰੋੜਾਂ ਸਾਲ ਪੁਰਾਣੀ ਦੁਨੀਆਂ ਵਿਚੋਂ ਇੱਕੀਵੀਂ ਸਦੀ ਵਿਚ ਉਸਨੂੰ ਜੇ ਅੱਸੀ ਸਾਲ ਮਿਲੇ ਤਾਂ ਮਾਯੂਸ ਨਹੀਂ ਹੋਇਆ। ਮੌਜ ਮੌਜ ਵਿਚ ਵੱਡੀਆਂ ਹਸਤੀਆਂ ਦਾ ਆਪਣੇ ਨਾਲ ਮੁਕਾਬਲਾ ਕਰਕੇ ਕੌਡੀ ਚਿੱਤ ਕਰ ਦਿੰਦਾ। ਕਿਹਾ ਕਰਦਾ- ਮੈਂ ਸਿਕੰਦਰ ਤੋਂ ਵੱਡਾ ਹਾਂ ਕਿਉਂਕਿ ਮੈਂ ਲਤਾ ਮੰਗੇਸ਼ਕਰ ਨੂੰ ਸੁਣਿਆ ਹੈ, ਸਿਕੰਦਰੇਆਜ਼ਮ ਨੇ ਉਸਦਾ ਨਾ ਵੀ ਨਹੀਂ ਸੁਣਿਆ। ਅਕਬਰ ਵੀ ਹੇਚ, ਕਿਉਂਕਿ ਉਸਨੇ ਗਾਲਿਬ ਨਹੀਂ ਪੜ੍ਹਿਆ। ਜੂਲੀਅਸ ਸੀਜ਼ਰ ਨਹੀਂ ਪੜ੍ਹਿਆ।

ਲੋਕ ਉਸਨੂੰ ਸਮਝਾਉਂਦੇ ਕਿ ਸੀਜ਼ਰ ਆਪਣੇ ਉਪਰ ਡਰਾਮਾ ਪੜ੍ਹਕੇ ਕੀ ਕਰਦਾ? ਕਹਿੰਦਾ- ਸੀਜ਼ਰ ਨੇ ਅਪਣੀ ਨਜ਼ਰ ਨਾਲ ਆਪਣੇ ਆਪ ਨੂੰ ਦੇਖਿਆ, ਸ਼ੈਕਸਪੀਅਰ ਦੀ ਨਜਰ ਨਾਲ ਦੇਖਦਾ ਤਾਂ ਔਕਾਤ ਪਤਾ ਲਗਦੀ। ਜੰਗਲ ਮੈਂ ਮੋਰ ਨਾਚਾ ਕਿਸਨੇ ਦੇਖਾ? ਬੜੇ ਗੁਲਾਮ ਅਲੀ ਖਾਂ ਦੀ ਓਟ ਲੈ ਕੇ ਨੈਪੋਲੀਅਨ ਦੀ ਅਹੀ ਤਹੀ ਕਰ ਦਿੱਤੀ ਸੀ। ਕਾਰਲ ਮਾਰਕਸ ਨੂੰ ਇਸ ਕਰਕੇ ਆਪਣੇ ਤੋਂ ਛੋਟਾ ਸਮਝਦਾ ਕਿਉæਂਕਿ ਮਾਰਕਸ ਨੇ ਭੀਮ ਸੈਨ ਜੋਸ਼ੀ ਦਾ ਗਾਇਨ ਨਹੀਂ ਸੁਣਿਆ।

ਯਾਦ
ਮੁਜਤਬਾ ਹੁਸੈਨ

ਮਤਲਬ ਇਹ ਕਿ ਅਜਿਹੀਆਂ ਊਟਪਟਾਂਗ ਗੱਲਾਂ ਸੋਚ ਸੋਚ ਆਪਣੀ ਬੇਮਜ਼ਾ ਅਤੇ ਬੇਰੰਗ ਜ਼ਿੰਦਗੀ ਵਿਚ ਰੰਗ ਭਰਦਾ। ਇਕ ਇਕ ਕਰਕੇ ਸਭ ਦੋਸਤ ਵਿਛੜ ਗਏ। ਉਨ੍ਹਾਂ ਦੀ ਯਾਦ ਦਾ ਭਾਰ ਚੁਕਣਾ ਵੀ ਮੁਸ਼ਕਲ। ਪਾਰਕ ਵਿਚ ਬੈਠਿਆਂ ਇਕ ਦਿਨ ਹਿਸਾਬ ਲਾਇਆ, ਸਿਰਫ ਚਾਰ ਦੋਸਤ ਬਚੇ ਹੋਏ ਹਨ। ਉਸਨੇ ਅਚਾਨਕ ਫੈਸਲਾ ਕੀਤਾ, ਹੁਣ ਮਰਨ ਵਿਚ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਅਰਥੀ ਨੂੰ ਮੋਢਾ ਦੇਣ ਲਈ ਚਾਰ ਬੰਦੇ ਹੋਣੇ ਜ਼ਰੂਰੀ ਹਨ। ਬੇਸ਼ਕ ਦੋ ਜੁਆਨ ਪੁੱਤਰ ਸਨ ਪਰ ਹੁਸੈਨ ਕਿਹਾ ਕਰਦਾ ਕੇਵਲ ਦੋਸਤ ਹੁੰਦੇ ਨੇ ਜਿਨ੍ਹਾ ਨੂੰ ਅਰਥੀ ਦਾ ਭਾਰ ਜ਼ਿਆਦਾ ਨਹੀਂ ਲਗਦਾ ਹੁੰਦਾ।

ਨਾਪਣ ਤੋਲਣ ਦਾ ਉਸਦਾ ਆਪਣਾ ਹੀ ਤਰੀਕਾ ਸੀ। ਮਰਨ ਤੋਂ ਦੋ ਦਿਨ ਪਹਿਲਾਂ ਸਿਫਾਰਿਸ਼ ਕਰਕੇ ਬੀਵੀ ਤੋਂ ਵਤਾਊਂ ਦਾ ਭੜਥਾ ਬਣਵਾਇਆ ਜਿਹੜਾ ਉਸਨੂੰੰ ਬਹੁਤ ਸੁਆਦ ਲੱਗਦਾ ਹੁੰਦਾ। ਦੂਸਰੇ ਦਿਨ ਦੇਰ ਤੱਕ ਆਪਣੇ ਹੀ ਘਰ ਵਿਚ ਸੁੱਤਾ ਰਿਹਾ। ਘਰਦਿਆਂ ਲਈ ਇਹ ਅਜੀਬ ਗੱਲ ਸੀ। ਸ਼ਾਮੀ ਚਾਰੇ ਦੋਸਤਾਂ ਨੂੰ ਮਿਲਣ ਚਲਾ ਗਿਆ ਤੇ ਤਾਕੀਦ ਕੀਤੀ ਕਿ ਕੱਲ੍ਹ ਸਵੇਰੇ ਮੇਰੇ ਘਰ ਜ਼ਰੂਰ ਆਇਓ। ਦੋਸਤਾਂ ਨੇ ਕਾਰਨ ਪੁੱਛਿਆ ਤਾਂ ਕਿਹਾ -ਜ਼ਰੂਰੀ ਕੰਮ ਹੈ। ਇਸ ਦਿਨ ਵੀ ਜਲਦੀ ਵਾਪਸ ਆ ਗਿਆ।

ਬੀਵੀ ਨੇ ਭੜਥੇ ਬਾਰੇ ਪੁੱਛਿਆ ਤਾਂ ਕਿਹਾ -ਅੱਜ ਇੱਛਾ ਨਹੀਂ। ਅੱਧੀ ਰਾਤ ਬੱਤੀ ਜਗਾ ਕੇ ਕਿਤਾਬਾਂ ਦੀ ਅਲਮਾਰੀ ਵਿਚੋਂ ਕੁਝ ਲੱਭਣ ਲੱਗਾ। ਇਕ ਇਕ ਕਿਤਾਬ ਖੋਲ੍ਹਦੇ ਨੂੰ ਦੇਖਦਿਆਂ ਬੀਵੀ ਨੇ ਪੁੱਛਿਆ- ਕੀ ਗੱਲ ਹੈ? ਕਹਿਣ ਲੱਗਾ- ਵੀਹ ਸਾਲ ਪਹਿਲਾਂ ਹਜ਼ਾਰ ਰੁਪਿਆ ਰੱਖ ਕੇ ਭੁੱਲ ਗਿਆ ਸਾਂ, ਹੁਣ ਯਾਦ ਆਇਐ।

ਬੀਵੀ ਨੇ ਕਿਹਾ- ਸਵੇਰੇ ਲੱਭ ਲਿਓ, ਐਨੀ ਕਾਹਲ ਕਾਹਦੀ? ਹੁਸੈਨ ਬੋਲਿਆ- ਵੀਹ ਸਾਲ ਬਾਦ ਯਾਦ ਆਇਐ। ਹੁਣ ਭੁੱਲ ਗਿਆ ਫੇਰ ਯਾਦ ਆਉਣ ਵਿਚ ਵੀਹ ਸਾਲ ਲੱਗਣਗੇ।

ਆਖਰ ਇਕ ਕਿਤਾਬ ਵਿਚੋਂ ਹਜ਼ਾਰ ਰੁਪਏ ਦੇ ਨੋਟ ਨਿਕਲ ਆਏ ਤਾਂ ਬੜਾ ਖੁਸ਼ ਹੋਇਆ। ਬੀਵੀ ਦੇ ਹੱਥ ਨੋਟ ਫੜਾਉਂਦਿਆਂ ਕਿਹਾ -ਬੇਗਮ ਜਪਾਨ ਤੋਂ ਵਾਪਸ ਆ ਕੇ ਕਰੰਸੀ ਬਦਲੇ ਇਹ ਨੋਟ ਲੈਂਦਿਆਂ ਸੋਚਿਆ ਸੀ, ਬੀਵੀ ਨੂੰ ਦਿਆਂਗਾ। ਰੱਖ। ਤੇਰੇ ਕਿਸੇ ਕੰਮ ਆਉਣਗੇ। ਇਹ ਕਹਿਕੇ ਮੁੜ ਡੂੰਘੀ ਨੀਂਦ ਸੌਂ ਗਿਆ। ਅਗਲੇ ਦਿਨ ਦੇਰ ਤੱਕ ਨਾ ਉੱਠਿਆ।

ਚਾਰੇ ਦੋਸਤ ਵਾਅਦੇ ਮੂਜਬ ਆ ਗਏ ਤਾਂ ਬੱਚਿਆਂ ਨੇ ਜਗਾਣ ਦਾ ਫੈਸਲਾ ਕੀਤਾ। ਬੱਚਿਆਂ ਨੇ ਬੁਹਤ ਜਗਾਇਆ ਪਰ ਉਹ ਜਾਗਣ ਵਾਸਤੇ ਰਾਜ਼ੀ ਨਾ ਹੋਇਆ। ਜਾਗ ਕੇ ਕਰਦਾ ਵੀ ਕੀ? ਕਰਨ ਵਾਸਤੇ ਦੁਨੀਆਂ ਵਿਚ ਬਕਾਇਆ ਕੰਮ ਰਿਹਾ ਈ ਕੋਈ ਨਹੀ ਸੀ। ਲਤਾ, ਜੋਸ਼ੀ, ਬੜੇ ਗੁਲਾਮ ਅਲੀ ਖਾਂ ਸੁਣ ਲਏ, ਗਾਲਿਬ ਤੇ ਸ਼ੈਕਸਪੀਅਰ ਪੜ੍ਹ ਲਿਆ, ਭੁੱਲੇ ਪੈਸੇ ਲੱਭ ਕੇ ਫੜਾ ਦਿੱਤੇ, ਹੁਣ ਜੀ ਕੇ ਹੋਰ ਕੀ ਕਰਦਾ?

ਖੁਦਾ ਜਾਣੇ ਦੂਜੀ ਦੁਨੀਆਂ ਵਿਚ ਉਸਦਾ ਕੀ ਹਾਲ ਹੈ। ਸਾਨੂੰ ਇੰਨਾ ਪਤਾ ਹੈ ਕਿ ਜੇ ਸੁਰਗ ਵਿਚ ਹੋਇਆ ਤਾਂ ਹੂਰਾਂ ਦੇ ਝੁਰਮਟ ਵਿਚ ਘਿਰਿਆ ਹੋਵੇਗਾ ਤੇ ਆਪਣੇ ਆਪ ਨੂੰ ਉਸ ਤਰ੍ਹਾਂ ਪੇਸ਼ ਕਰ ਰਿਹਾ ਹੋਵੇਗਾ ਜਿਵੇਂ ਹੂਰਾਂ ਚਾਹੁੰਦੀਆਂ ਹਨ। ਖੁਦਾ ਨਾ ਕਰੇ ਜੇ ਦੋਜਖ ਵਿਚ ਹੋਇਆ ਤਾਂ ਆਪਣੇ ਜਿਸਮ ਨੂੰ ਅੰਗਿਆਰਾਂ ਉਪਰ ਬੜੇ ਧਿਆਨ ਨਾਲ ਘੁਮਾ ਰਿਹਾ ਹੋਵੇਗਾ ਤਾਂ ਕਿ ਜਲਣ ਤੋਂ ਕੋਈ ਹਿੱਸਾ ਬਾਕੀ ਨਾ ਰਹਿ ਜਾਏ।

ਉਮਰ ਭਰ ਜੋ ਵੀ ਕੀਤਾ, ਖਰੀ ਲਗਨ ਨਾਲ ਕੀਤਾ। ਮਰਨ ਪਿਛੋਂ ਵੀ ਆਦਤਾਂ ਤਾਂ ਨਹੀਂ ਨਾ ਬਦਲਿਆ ਕਰਦੀਆਂ। ਦੋਜਖ ਵਿਚ ਖੁਸ਼ੀ ਦੀ ਇਹ ਗੱਲ ਹੋਵੇਗੀ ਕਿ ਸਾਰੇ ਦੋਸਤ ਜਿਹੜੇ ਵਿਛੜੇ ਸਨ, ਉਥੇ ਹੋਣਗੇ। ਮਾਤਲੋਕ ਵਿਚ ਚੰਗੀ ਸੁਹਬਤ ਵਿਚ ਨਾ ਰਹਿਣ ਦਾ ਫਾਇਦਾ ਦੂਜੀ ਦੁਨੀਆਂ ਦੇ ਦੋਜਖ ਵਿਚ ਪੁੱਜ ਕੇ ਹੁੰਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਉਸਦੀ ਮੌਤ ਬਾਦ ਸਾਹਿਤ ਵਿਚ ਕੋਈ ਘਾਟਾ ਨਹੀਂ ਪਿਆ। ਕਿਹਾ ਕਰਦਾ ਸੀ- ਮੈਂ ਤਾਂ ਜਿਉਂਦੇ ਜੀਅ ਸਾਹਿਤ ਵਿਚ ਖਲਾਅ ਪੈਦਾ ਕਰਾਂਗਾ ਤੇ ਲਗਾਤਾਰ ਕੀਤਾ। ਉਸਦੀ ਜ਼ਿੰਦਗੀ ਅਤੇ ਉਸਦੀ ਲਿਖਤ ਦੀ ਇਹੋ ਸਿਫਤ ਹੈ। ਆਖਰੀ ਉਮਰ ਵਿਚ ਆਪਣੇ ਪਿਆਰੇ ਦੋਸਤ ਸ਼ਹਿਰਯਾਰ ਦਾ ਇਹ ਸ਼ਿਅਰ ਅਕਸਰ ਗੁਣ ਗੁਣਾਇਆ ਕਰਦਾ ਸੀ-

ਜੁਸਤਜੂ ਜਿਸਕੀ ਥੀ ਉਸਕੋ ਤੋ ਨ ਪਾਇਆ ਹਮਨੇ। ਇਸ ਬਹਾਨੇ ਸੇ ਮਗਰ ਦੇਖ ਲੀ ਦੁਨੀਆਂ ਹਮਨੇ।

ਲੇਖਕ: ਮੁਜਤਬਾ ਹੁਸੈਨ. ਅਨੁ: ਹਰਪਾਲ ਸਿੰਘ ਪੰਨੂ

ਹਰਪਾਲ ਸਿੰਘ ਪੰਨੂ

ਹਰਪਾਲ ਸਿੰਘ ਪੰਨੂ

harpalsinghpannu@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post
Previous
Next

Add Your Heading Text Here

Copyright © Punjab Today TV : All right Reserve 2016 - 2021